ਨਵੀਂ ਦਿੱਲੀ: ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅੱਜ ਭਾਰਤ ਦੇ ਅਧਿਕਾਰਿਕ ਦੌਰੇ 'ਤੇ ਦਿੱਲੀ ਪਹੁੰਚਣਗੇ। ਦੋ ਦਿਨਾਂ ਦੇ ਦੌਰੇ ਦੌਰਾਨ, ਉਹ ਦੁਵੱਲੇ ਸੰਬੰਧਾਂ ਅਤੇ ਸਾਂਝੇ ਹਿੱਤਾਂ ਨਾਲ ਸਬੰਧਤ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ 'ਤੇ ਚਰਚਾ ਕਰਨਗੇ। ਵਿਦੇਸ਼ ਮੰਤਰਾਲੇ ਮੁਤਾਬਕ, ਆਪਣੀ ਭਾਰਤ ਯਾਤਰਾ ਦੇ ਦੌਰਾਨ ਲਾਵਰੋਵ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਗੱਲਬਾਤ ਕਰਨਗੇ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ਇਸ ਮੌਕੇ 'ਤੇ ਦੋਵੇਂ ਧਿਰ ਦੁਵੱਲੇ ਸੰਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਅਗਲੇ ਭਾਰਤ-ਰੂਸ ਸਾਲਾਨਾ ਸੰਮੇਲਨ ਦੀਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ ਜਾਵੇਗੀ।
ਬਾਗਚੀ ਨੇ ਕਿਹਾ ਕਿ ਇਸ ਤੋਂ ਇਲਾਵਾ ਦੋਵੇਂ ਧਿਰ ਆਪਸੀ ਹਿੱਤਾਂ ਨਾਲ ਸਬੰਧਤ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕਰਨਗੇ।
ਇਹ ਪੁੱਛੇ ਜਾਣ 'ਤੇ ਕਿ ਕੀ ਇਸ ਦੌਰਾਨ ਐਸ-400 ਮਿਜ਼ਾਈਲ ਪ੍ਰਣਾਲੀ ਦਾ ਮੁੱਦਾ ਵੀ ਉਠੇਗਾ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਬੈਠਕ 'ਚ ਕਿਹੜੇ ਮੁੱਦਿਆਂ ਉੱਤੇ ਚਰਚਾ ਹੋ ਸਕਦੀ ਹੈ ਇਸ ਬਾਰੇ ਅੰਦਾਜ਼ਾ ਲਗਾਉਣਾ ਉਨ੍ਹਾਂ ਲਈ ਉਚਿਤ ਨਹੀਂ ਹੋਵੇਗਾ।