ਦੇਹਰਾਦੂਨ/ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਹਨ। ਪਹਿਲਾਂ ਸਿੱਧੂ ਨੇ ਉਨ੍ਹਾਂ ਵਿਰੁੱਧ ਮੋਰਚਾ ਖੋਲ੍ਹਿਆ ਸੀ, ਉਨ੍ਹਾਂ ਨੂੰ ਸੂਬਾ ਪ੍ਰਧਾਨ ਬਣਾਉਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਕਾਂਗਰਸ ਵਿੱਚ ਮਤਭੇਦ ਖਤਮ ਹੋ ਜਾਣਗੇ, ਪਰ ਅਜਿਹਾ ਨਹੀਂ ਹੋਇਆ। ਮੰਗਲਵਾਰ ਨੂੰ ਪੰਜਾਬ ਦੀ ਸਿਆਸਤ ਹੋਰ ਗਰਮਾ ਗਈ ਜਦੋਂ ਸਿੱਧੂ ਦੇ ਕਰੀਬੀ ਮੰਨੇ ਜਾਂਦੇ 30 ਤੋਂ 32 ਵਿਧਾਇਕ ਅਤੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਇਕੱਠੇ ਹੋਏ। ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਮੀਟਿੰਗ ਵਿੱਚ ਸ਼ਾਮਲ ਹੋਏ।
ਪੰਜਾਬ ਕਾਂਗਰਸ ਕਲੇਸ਼ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਵਿੱਚ ਮੁੜ ਹਲਚਲ ਵੱਧ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਖੁੱਲ ਕੇ ਬਗਾਵਤ ਕਰਨ ਵਾਲੇ 4 ਮੰਤਰੀ ਤੇ ਇੱਕ ਵਿਧਾਇਕ ਅੱਜ ਹਰੀਸ਼ ਰਾਵਤ ਨਾਲ ਮੁਲਾਕਾਤ ਕਰਨਗੇ, ਇਹ ਮੀਟਿੰਗ ਦੇਹਰਾਦੂਨ ਵਿੱਚ ਹੋਵੇਗੀ। ਇਸ ਤੋਂ ਬਾਅਦ ਬਾਗੀ ਧੜਾ ਦਿੱਲੀ ਹਾਈਕਮਾਨ ਨੂੰ ਮਿਲੇਗਾ।
ਪੰਜਾਬ ਕਾਂਗਰਸ ਵਿੱਚ ਸਿਆਸੀ ਉਥਲ-ਪੁਥਲ ਤੋਂ ਬਾਅਦ ਅੱਜ 25 ਅਗਸਤ ਨੂੰ ਨਵਜੋਤ ਸਿੰਘ ਸਿੱਧੂ ਕੈਂਪ ਦੇ ਆਗੂ ਦੇਹਰਾਦੂਨ ਵਿੱਚ ਪੰਜਾਬ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਹਰੀਸ਼ ਰਾਵਤ ਹੁਨਰਮੰਦ ਤਰੀਕੇ ਨਾਲ ਪੰਜਾਬ ਕਾਂਗਰਸ ਦੀ ਲੜਾਈ ਨੂੰ ਸੁਲਝਾ ਲੈਣਗੇ।
ਮੰਗਲਵਾਰ ਨੂੰ ਮੀਟਿੰਗ ਮਗਰੋਂ 4 ਕੈਬਨਿਟ ਮੰਤਰੀਆਂ ਅਤੇ ਪ੍ਰਗਟ ਸਿੰਘ ਨੇ ਦਿੱਲੀ ਹਾਈ ਕਮਾਂਡ ਕੋਲ ਜਾਣ ਦਾ ਫੈਸਲਾ ਕੀਤਾ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਪ੍ਰਗਟ ਸਿੰਘ, ਸੁਖਜਿੰਦਰ ਸਿੰਘ ਸਰਕਾਰੀਆ ਦਿੱਲੀ ਵਿੱਚ ਕਾਂਗਰਸ ਹਾਈ ਕਮਾਂਡ ਨੂੰ ਮਿਲਣਗੇ।