ਬਾਰਾਬੰਕੀ: ਜ਼ਿਲ੍ਹੇ ਦੇ ਰਾਮਸਨੀਹੀਘਾਟ ਥਾਣਾ ਖੇਤਰ ਵਿੱਚ ਲਖਨਊ-ਅਯੁੱਧਿਆ ਕੌਮੀ ਰਾਜਮਾਰਗ ’ਤੇ ਇੱਕ ਤੇਜ਼ ਰਫਤਾਰ ਟਰੱਕ ਵੱਲੋਂ ਇੱਕ ਡਬਲ ਡੈਕਰ ਬੱਸ ਨੂੰ ਟੱਕਰ ਮਾਰ ਦਿੱਤੀ ਗਈ। ਏਡੀਜੀ ਜ਼ੋਨ ਲਖਨਊ ਅਨੁਸਾਰ ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 15 ਲੋਕ ਗੰਭੀਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਲਖਨਊ ਦੇ ਟਰਾਮਾ ਸੈਂਟਰ ਰੈਫ਼ਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਮੰਗਲਵਾਰ ਦੇਰ ਰਾਤ ਕਰੀਬ 1.30 ਵਜੇ ਵਾਪਰਿਆ। ਬੱਸ ਹਰਿਆਣਾ ਤੋਂ ਬਿਹਾਰ ਜਾ ਰਹੀ ਸੀ।
ਪੁਲਿਸ ਦੇ ਅਨੁਸਾਰ ਅਯੁੱਧਿਆ ਸਰਹੱਦ 'ਤੇ ਕਲਿਆਣੀ ਨਦੀ ਦੇ ਪੁਲ 'ਤੇ ਡਬਲ ਡੈਕਰ ਬੱਸ ਰਾਤ ਦੇ ਕਰੀਬ ਇੱਕ ਵਜੇ ਖ਼ਰਾਬ ਹੋ ਗਈ। ਤੇਜ਼ ਮੀਂਹ ਕਾਰਨ ਡਰਾਈਵਰ ਅਤੇ ਆਪਰੇਟਰ ਬੱਸ ਨੂੰ ਸਾਈਡ 'ਤੇ ਖੜ੍ਹੀ ਕਰਕੇ ਉਸਦੀ ਮੁਰੰਮਤ ਕਰਵਾ ਰਹੇ ਸਨ। ਇਸੇ ਦੌਰਾਨ ਤੇਜ਼ ਰਫ਼ਤਾਰ ਨਾਲ ਲਖਨਊ ਵਾਲੇ ਪਾਸੇ ਤੋਂ ਜਾ ਰਹੇ ਇੱਕ ਬੇਕਾਬੂ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਨ੍ਹਾਂ ਵਿੱਚੋਂ ਕਈਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਰਾਤ ਸਾਢੇ ਤਿੰਨ ਵਜੇ ਤੱਕ ਚਾਰ ਲੋਕਾਂ ਦੀਆਂ ਲਾਸ਼ਾਂ ਹਾਦਸੇ ਵਾਲੀ ਥਾਂ 'ਤੇ ਦੱਬੀਆਂ ਪਈਆਂ ਸੀ, ਜਦਕਿ ਸੀਐਸਸੀ ਰਾਮਸਨੀਹੀਘਾਟ ਨੇ 11 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਉਥੇ ਹੀ ਇੱਕ ਦੀ ਮੌਤ ਬਰਾਬਾਂਕੀ ਜ਼ਿਲ੍ਹਾ ਹਸਪਤਾਲ ਵਿੱਚ ਹੋਈ। ਹਾਦਸੇ 'ਚ ਕੁੱਲ 18 ਯਾਤਰੀਆਂ ਦੀ ਮੌਤ ਹੋ ਗਈ ਹੈ।
ਹਰਿਆਣਾ ਤੋਂ ਬਿਹਾਰ ਜਾ ਰਹੀ ਸੀ ਡਬਲ ਡੈਕਰ ਬੱਸ
ਡਬਲ-ਡੈਕਰ ਬੱਸ ਹਰਿਆਣਾ ਤੋਂ ਬਿਹਾਰ ਜਾ ਰਹੀ ਸੀ, ਜਦੋਂ ਬੱਸ ਰਾਮਸਨੀਹੀਘਾਟ ਥਾਣਾ ਖੇਤਰ 'ਚ ਦੇਰ ਰਾਤ ਲਖਨਊ-ਅਯੁੱਧਿਆ ਹਾਈਵੇਅ 'ਤੇ ਕਲਿਆਣੀ ਨਦੀ ਨਜ਼ਦੀਕ ਖ਼ਰਾਬ ਹੋ ਗਈ। ਜਾਣਕਾਰੀ ਅਨੁਸਾਰ ਬੱਸ ਦਾ ਐਕਸਲ ਟੁੱਟਣ ਕਾਰਨਬੱਸ ਖ਼ਰਾਬ ਹੋਈ ਸੀ। ਇਸ ਤੋਂ ਬਾਅਦ ਯਾਤਰੀ ਬੱਸ ਤੋਂ ਉਤਰ ਗਏ ਅਤੇ ਬੱਸ ਦੇ ਹੇਠਾਂ, ਉਸਦੇ ਅੱਗੇ ਅਤੇ ਇਸਦੇ ਆਸ-ਪਾਸ ਲੇਟ ਗਏ। ਇਸੇ ਦੌਰਾਨ ਲਖਨਊ ਤੋਂ ਆ ਰਿਹਾ ਇੱਕ ਤੇਜ਼ ਰਫਤਾਰ ਟਰੱਕ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਕਾਰਨ ਬੱਸ ਅਤੇ ਟਰੱਕ ਦੀ ਲਪੇਟ 'ਚ ਆਉਣ ਕਾਰਨ ਤਕਰੀਬਨ 11 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਸੱਤ ਲੋਕਾਂ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ।
ਐਸਪੀ ਨੇ ਦੱਸਿਆ ਕਿ ਬੱਸ ਹਾਈਵੇਅ 'ਤੇ ਖ਼ਰਾਬ ਹੋ ਗਈ ਸੀ, ਜਿਸ ਕਾਰਨ ਬੱਸ ਦੇ ਕੁਝ ਯਾਤਰੀ ਬੱਸ ਦੇ ਅੰਦਰ ਅਤੇ ਕੁਝ ਬਾਹਰ ਟਹਿਲ ਰਹੇ ਸਨ। ਇਸ ਦੌਰਾਨ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਏ.ਡੀ.ਜੀ ਜ਼ੋਨ ਲਖਨਊ ਮੌਕੇ 'ਤੇ ਪਹੁੰਚੇ
ਹਾਦਸੇ ਤੋਂ ਬਾਅਦ ਬਾਰਾਬੰਕੀ ਜ਼ਿਲ੍ਹਾ ਹਸਪਤਾਲ ਪਹੁੰਚੇ ਏ.ਡੀ.ਜੀ ਜ਼ੋਨ ਲਖਨਊ ਨੇ ਦੱਸਿਆ ਕਿ ਬੱਸ ਹਰਿਆਣਾ ਤੋਂ ਬਿਹਾਰ ਜਾ ਰਹੀ ਸੀ, ਜਦੋਂ ਬੱਸ ਰਸਤੇ ਵਿੱਚ ਖ਼ਰਾਬ ਹੋ ਗਈ ਅਤੇ ਉਹ ਰਸਤੇ ਵਿੱਚ ਖੜ੍ਹੀ ਸੀ। ਇਸ ਦੌਰਾਨ ਇਕ ਤੇਜ਼ ਰਫਤਾਰ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਬਹੁਤ ਸਾਰੇ ਲੋਕ ਗੰਭੀਰ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਬਾਰਾਬੰਕੀ ਲਿਆਂਦਾ ਗਿਆ ਹੈ। ਇਸ ਤੋਂ ਬਾਅਦ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਟਰੌਮਾ ਸੈਂਟਰ ਲਖਨਊ ਰੈਫ਼ਰ ਕਰ ਦਿੱਤਾ ਗਿਆ ਹੈ।