ਚੰਡੀਗੜ੍ਹ: ਪਿਛਲੇ ਦਿਨੀਂ ਗੁਜਰਾਤ 'ਚ ਤਿੰਨ ਹਜ਼ਾਰ ਕਿਲੋ ਡਰੱਗ ਫੜੀ ਗਈ ਸੀ। ਜਿਸ ਨੂੰ ਲੈਕੇ NIA ਟੀਮ ਹਰਕਤ 'ਚ ਹੈ। ਐਨ.ਆਈ.ਏ ਦੀ ਟੀਮ ਵਲੋਂ ਆਪਣੀ ਜਾਂਚ ਤੇਜ਼ ਕੀਤੀ ਗਈ ਹੈ। NIA ਵਲੋਂ ਆਪਣੀ ਜਾਂਚ 'ਚ ਗੁਜਰਾਤ ਡਰੱਗ ਮਾਮਲੇ ਦੇ ਤਾਰ ਪੰਜਾਬ ਨਾਲ ਜੋੜੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਐਨ.ਆਈ.ਏ ਦੀ ਟੀਮ ਵਲੋਂ ਅੰਮ੍ਰਿਤਸਰ 'ਚ ਅਨਵਰ ਮਸੀਹ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਕੀ ਸੀ ਮਾਮਲਾ ?
ਤੁਹਾਨੂੰ ਦੱਸ ਦਈਏ ਕਿ ਜੁਲਾਈ 2020 ਵਿੱਚ ਪੰਜਾਬ ਪੁਲਸ ਨੇ ਅਨਵਰ ਮਸੀਹ ਦੁਆਰਾ ਕਿਰਾਏ ’ਤੇ ਲਈ ਗਈ ਕੋਠੀ ਵਿੱਚੋਂ 194 ਕਿਲੋ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਸੀ। ਪਿਛਲੇ ਦਿਨੀਂ ਗੁਜਰਾਤ ਦੇ ਕੱਛ ਦੇ ਮੁੰਦਰਾ ਬੰਦਰਗਾਹ ਤੋਂ ਹੈਰੋਇਨ ਦੀ ਵੱਡੀ ਖੇਪ ਫੜੀ ਗਈ ਹੈ। ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸ (ਡੀਆਰਆਈ) ਦੁਆਰਾ ਜ਼ਬਤ ਕੀਤੀਆਂ ਗਈਆਂ ਹੈਰੋਇਨ ਦੀ ਕੀਮਤ ਲਗਭਗ 21 ਹਜ਼ਾਰ ਕਰੋੜ ਰੁਪਏ ਦੱਸੀ ਜਾਂਦੀ ਹੈ। ਬੰਦਰਗਾਹ 'ਤੇ ਦੋ ਕੰਟੇਨਰਾਂ' ਚ ਲਗਭਗ 3000 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ। ਇਸ ਦੇ ਨਾਲ ਹੀ ਅਨਵਰ ਮਸੀਹ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ,ਜਿਸ ਨੂੰ ਲੈ ਕੇ ਜਾਂਚ ਚੱਲ ਰਹੀ ਹੈ।
ਅਨਵਰ (Anwar Masih) ਨੇ ਇਸ ਮਮਾਲੇ ਵਿੱਚ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਤੇ ਮਸੀਹ ਵੱਲੋਂ ਸੜਕਾਂ ‘ਤੇ ਧਰਨੇ ਵੀ ਲਗਾਏ ਗਏ ਸਨ। ਇਸ ਮਾਮਲੇ ਨੂੰ ਲੈਕੇ ਅਨਵਰ ਨੇ ਜ਼ਹਿਰ ਵੀ ਖਾ ਲਿਆ ਸੀ ਤੇ ਕਿਹਾ ਸੀ ਕਿ ਪੁਲਿਸ ਉਸ ਨੂੰ ਝੂਠੇ ਮਾਮਲੇ ‘ਚ ਫਸਾ ਰਹੀ ਹੈ। ਹੁਣ ਅਨਵਰ ਮਸੀਹ ਵੱਲੋਂ ਇਸ ਮਾਮਲੇ 'ਚ ਜ਼ਮਾਨਤ ਅਰਜੀ ਲਗਾਈ ਗਈ ਸੀ, ਜਿਸ ਦੇ ਚੱਲਦਿਆਂ ਉਸ ਨੇ ਜ਼ਮਾਨਤ ‘ਤੇ ਬਾਹਰ ਆਉਣਾ ਸੀ। ਇਸ ਤੋਂ ਪਹਿਲਾਂ ਹੀ ਅੱਜ ਤੜਕਸਾਰ ਸਵੇਰੇ ਐਨਆਈਏ ਦੀ ਟੀਮ ਨੇ ਇੱਕ ਵਾਰ ਫਿਰ ਅਨਵਰ ਮਸੀਹ (Anwar Masih) ਦੇ ਘਰ ਛਾਪੇਮਾਰੀ ਕੀਤੀ ਹੈ।
ਐਨ.ਆਈ.ਏ ਵਲੋਂ ਅਕਾਲੀ ਆਗੂ ਅਨਵਰ ਮਸੀਹ ਦੇ ਘਰ ਕੀਤੀ ਛਾਪੇਮਾਰੀ ਲੱਗਭਗ ਦੋ ਘੰਟੇ ਚੱਲੀ। ਇਸ ਦੌਰਾਨ ਐਨ.ਆਈ.ਏ ਦੀ ਟੀਮ ਨੇ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਛਾਪੇਮਾਰੀ ਉਪਰੰਤ ਕੁਝ ਦਸਤਾਵੇਜ਼ ਅਨਵਰ ਮਸੀਹ ਦੇ ਘਰ ਤੋਂ ਆਪਣੇ ਨਾਲ ਲੈ ਕੇ ਚੱਲੀ ਗਈ।