ਰੇਵਾੜੀ: ਜੈਪੁਰ-ਦਿੱਲੀ ਕੌਮੀ ਹਾਈਵੇ ਉੱਤੇ ਸਥਿਤ ਖੇੜਾ ਸਰਹੱਦ ਤੋਂ ਕਿਸਾਨਾਂ ਨੇ ਕੂਚ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਰੇਵਾੜੀ ਪੁਲਿਸ ਨੇ ਮਸਾਨੀ ਓਵਰਬ੍ਰਿਜ ਨਜ਼ਦੀਕ ਕਿਸਾਨਾਂ ਦੇ ਕਾਫ਼ਲੇ ਨੂੰ ਰੋਕ ਲਿਆ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਅੱਥਰੂ ਗੈਸ ਵੀ ਛੱਡੇ। ਇਸ ਦੌਰਾਨ ਇੱਕ ਟਰੈਕਟਰ ਵਿੱਚ ਵੀ ਅੱਗ ਲੱਗਣ ਦੀ ਸੂਚਨਾ ਹੈ।
200 ਤੋਂ ਵੱਧ ਅੱਥਰੂ ਗੈਸ ਦੇ ਛੱਡੇ ਗੋਲੇ
ਮਿਲੀ ਜਾਣਕਾਰੀ ਅਨੁਸਾਰ ਖੇੜਾ ਸਰਹੱਦ ਤੋਂ ਕਿਸਾਨ ਲਗਾਤਾਰ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਹੁਣ ਤੱਕ ਰੇਵਾੜੀ ਪੁਲਿਸ ਨੇ 200 ਤੋਂ ਜ਼ਿਆਦਾ ਅੱਥਰੂ ਗੈਸ ਦੇ ਗੋਲੇ ਛੱਡੇ ਹਨ। ਖੇੜਾ ਸਰਹੱਦ 'ਤੇ ਰੇਵਾੜੀ ਪੁਲਿਸ ਅਤੇ ਕਿਸਾਨਾਂ ਵਿਚਕਾਰ ਤਣਾਅ ਬਣਿਆ ਹੋਇਆ ਹੈ।
ਰੇਵਾੜੀ ਪੁਲਿਸ ਦੀ ਇਹ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਕਿਸਾਨਾਂ ਨੂੰ ਇਥੇ ਰੋਕਿਆ ਜਾਵੇਗਾ। ਕਿਸਾਨ ਕਈ ਦਿਨਾਂ ਤੋਂ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੀ ਦੱਸ ਦਈਏ ਕਿ ਇਨ੍ਹਾਂ ਕਿਸਾਨਾਂ ਵਿੱਚੋਂ ਸਭ ਤੋਂ ਜ਼ਿਆਦਾ ਕਿਸਾਨ ਦੱਖਣੀ ਹਰਿਆਣਾ ਅਤੇ ਰਾਜਸਥਾਨ ਤੋਂ ਹਨ। ਫ਼ਿਲਹਾਲ ਤਣਾਅ ਦੀ ਸਥਿਤੀ ਬਣੀ ਹੋਈ ਹੈ।
ਦਰਜਨ ਟ੍ਰੈਕਟਰਾਂ ਨੇ ਤੋੜੇ ਬੈਰੀਕੇਡ
ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਰਾਜਸਥਾਨ ਵਿੱਚ ਕਿਸਾਨਾਂ ਦੇ ਇੱਕ ਗਰੁੱਪ ਨੇ ਰਾਜਸਥਾਨ-ਹਰਿਆਣਾ ਸਰਹੱਦ ਸ਼ਾਹਜਹਾਂਪੁਰ ਵਿੱਚ ਜ਼ਬਰੀ ਵੜਣ ਦੀ ਕੋਸ਼ਿਸ਼ ਕੀਤੀ ਸੀ। ਲਗਭਗ ਇੱਕ ਦਰਜਨ ਟ੍ਰੈਕਟਰ ਹਰਿਆਣਾ ਪੁਲਿਸ ਦੀ ਬੈਰੀਕੇਡਿੰਗ ਤੋੜਦੇ ਹੋਏ ਹਰਿਆਣਾ ਵਿੱਚ ਦਾਖ਼ਲ ਹੋ ਗਏ ਸਨ ਅਤੇ ਦਿੱਲੀ ਵੱਲ ਰਵਾਨਾ ਹੋ ਗਏ।
ਕਿਸਾਨਾਂ ਅਤੇ ਪੁਲਿਸ ਵਿਚਕਾਰ ਸੰਘਰਸ਼ ਦੌਰਾਨ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਹਾਲਾਂਕਿ ਅੰਦੋਲਨਕਾਰੀ ਕਿਸਾਨਾਂ 'ਤੇ ਇਸ ਦਾ ਕੋਈ ਅਸਰ ਨਹੀਂ ਪਿਆ।