ਬੈਂਗਲੁਰੂ/ਮੁੰਬਈ: ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕ ਅਤੇ ਮਹਾਰਾਸ਼ਟਰ ਦੌਰੇ ਉੱਤੇ ਰਹਿਣਗੇ। ਪੀਐਮ ਮੋਦੀ ਕਰਨਾਟਕ ਦੇ ਉੱਤਰੀ ਜ਼ਿਲ੍ਹਿਆਂ ਯਾਦਗਿਰਿ ਅਤੇ ਕਲਬੁਰਗੀ ਵਿੱਚ 10, 800 ਕਰੋੜ ਰੁਪਏ ਤੋਂ ਵੱਧ ਪ੍ਰੋਜੈਕਟਾਂ ਦਾ ਨੀਂਹ ਪੱਥਰ ਰਖਣਗੇ ਅਤੇ ਉਦਘਾਟਨ ਕਰਨਗੇ। ਇਸ ਮਹੀਨੇ ਪ੍ਰਧਾਨ ਮੰਤਰੀ ਮੋਦੀ ਦੀ ਕਰਨਾਟਕ ਦੀ ਇਹ ਦੂਜੀ ਫੇਰੀ ਹੋਵੇਗੀ। ਉਹ ਰਾਸ਼ਟਰੀ ਯੁਵਾ ਮਹਾਉਤਸਵ ਦਾ ਉਦਘਾਟਨ ਕਰਨ ਲਈ 12 ਜਨਵਰੀ ਨੂੰ ਹੁਬਲੀ ਵਿੱਚ ਸੀ ਜਿਸ ਦੌਰਾਨ ਉਨ੍ਹਾਂ ਨੇ ਇਕ ਵਿਸ਼ਾਲ ਰੋਡ ਸ਼ੋਅ ਕੱਢਿਆ ਸੀ।
ਉੱਥੇ ਹੀ, ਪੀਐਮ ਮੋਦੀ ਮੁੰਬਈ ਦੌਰੇ ਦੌਰਾਨ ਉਹ ਬੁਨਿਆਦੀ ਢਾਂਚੇ ਦੇ ਵਿਕਾਸ, ਸ਼ਹਿਰੀ ਯਾਤਰਾ ਨੂੰ ਆਸਾਨ ਬਣਾਉਣ ਲਈ ਅਤੇ ਸਿਹਤ ਸੇਵਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ 38, 000 ਕਰੋੜ ਰੁਪਏ ਤੋਂ ਵੱਧ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਮੋਦੀ ਸੂਬੇ ਨੂੰ ਲਗਭਗ 12, 600 ਕਰੋੜ ਰੁਪਏ ਵਾਲੀ ਲਾਗਤ ਵਾਲੀ ਮੁੰਬਈ ਮੈਟਰੋ ਰੇਲ ਲਾਈਨ 2ਏ ਅਤੇ 7 ਸਮਰਪਿਤ ਕਰਨਗੇ।
ਜਾਣੋ ਕਰਨਾਟਕ ਵਿੱਚ ਪੀਐਮ ਕਿਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਉਦਘਾਟਨ ਕਰਨਗੇ। ਇਕ ਅਧਿਕਾਰਿਤ ਪ੍ਰੈਸ ਨੋਟ ਮੁਤਾਬਕ, ਪ੍ਰਧਾਨ ਮੰਤਰੀ ਦੁਪਹਿਰ ਕਰੀਬ 12 ਵਜੇ ਕਰਨਾਟਕ ਦੇ ਯਾਦਗਿਰਿ ਜ਼ਿਲ੍ਹੇ ਦੇ ਕੋਡੇਕਲ ਵਿੱਚ ਸਿੰਚਾਈ, ਪੀਣ ਵਾਲੇ ਪਾਣੀ ਅਤੇ ਕੌਮੀ ਰਾਜਮਾਰਗ ਵਿਕਾਸ ਪ੍ਰਾਜੈਕਟ ਨਾਲ ਸਬੰਧਤ ਵੱਖ-ਵੱਖ ਵਿਕਾਸ ਪ੍ਰਾਜੈਕਟਾ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਵਿਧਾਨਸਭਾ ਚੋਣਾਂ ਦੀ ਤਿਆਰੀ: ਇਸ ਤੋਂ ਬਾਅਦ ਪੀਐਮ ਮੋਦੀ ਦੁਪਿਹਰ ਕਰੀਬ 2:15 ਵਜੇ ਕਲਬੁਰਗੀ ਜ਼ਿਲ੍ਹੇ ਦੇ ਮਲਖੇੜ ਪਹੁੰਚਣਗੇ, ਜਿੱਥੇ ਉਹ ਹਾਲ ਹੀ ਵਿੱਚ ਐਲਾਨੇ ਗਏ ਮਾਲੀ ਪਿੰਡਾਂ ਦੇ ਯੋਗ ਲਾਭਪਾਤਰੀਆਂ ਨੂੰ ਮਾਲਕੀ ਅਧਿਕਾਰ (ਹੱਕੂ ਪੱਤਰ) ਵੰਡਣਗੇ ਅਤੇ ਇਕ ਰਾਸ਼ਟਰੀ ਰਾਜਮਾਰਗ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ। ਕਰਨਾਟਕ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਮਈ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਤਿਆਰੀ ਕਰ ਰਹੀ ਹੈ ਅਤੇ ਭਾਜਪਾ ਨੇ ਕੁੱਲ 224 ਵਿਚੋਂ ਘੱਟੋ-ਘੱਟ 150 ਸੀਟਾਂ ਜਿੱਤਣ ਦਾ ਟੀਚਾ ਮਿੱਥਿਆ ਹੈ। ਅਜਿਹੇ ਵਿੱਚ ਪੀਐਮ ਮੋਦੀ ਦਾ ਦੌਰਾ ਮਹੱਤਵਪੂਰਨ ਹੈ।
ਨਹਿਰ-ਵਿਸਥਾਰ ਨਵੀਨੀਕਰਨ ਅਤੇ ਆਧੁਨਿਕੀਕਰਨ ਪ੍ਰਾਜੈਕਟ (NLBC- ERM) ਦਾ ਵੀ ਉਦਘਾਟਨ : ਪੀਐਮ ਮੋਦੀ ਜਲ ਜੀਵਨ ਮਿਸ਼ਨ ਤਹਿਤ ਯਾਦਗਿਰਿ ਬਹੁ-ਪਿੰਡ ਪੀਣ ਵਾਲੇ ਪਾਣੀ ਦੀ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਣਗੇ, ਜੋ ਸਾਰੇ ਪਰਿਵਾਰਾਂ ਨੂੰ ਵਿਅਕਤੀਗਤ ਘਰੇਲੂ ਟੂਟੀ ਕੁਨੈਕਸ਼ਨਾਂ ਰਾਹੀਂ ਸਾਫ਼ ਅਤੇ ਉੱਚਿਤ ਪੀਣ ਵਾਲਾ ਪਾਣੀ ਪ੍ਰਦਾਨ ਕਰਨ ਦੇ ਆਪਣੇ ਵਿਜ਼ਨ ਮੁਤਾਬਕ ਹੈ। ਇਸ ਯੋਜਨਾ ਤਹਿਤ 117 ਐਮਐਲਡੀ ਦਾ ਵਾਟਰ ਸ਼ੁੱਧੀਕਰਨ ਪਲਾਂਟ ਬਣਾਇਆ ਜਾਵੇਗਾ। ਲਗਭਗ 2, 050 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਯਾਦਗਿਰਿ ਜ਼ਿਲ੍ਹੇ ਦੇ ਤਿੰਨ ਕਸਬਿਆਂ ਵਿੱਚ 700 ਤੋਂ ਵੱਧ ਪੇਂਡੂ ਬਸਤੀਆਂ ਅਤੇ ਲਗਭਗ 2.3 ਲੱਖ ਘਰਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਏਗਾ। ਪ੍ਰੋਗਰਾਮ ਦੌਰਾਨ ਪੀਐਮ ਮੋਦੀ ਨਰਾਇਣਪੁਰ ਖੱਬੇ ਕੰਢੇ ਦੀ ਨਹਿਰ-ਵਿਸਥਾਰ ਨਵੀਨੀਕਰਨ ਅਤੇ ਆਧੁਨਿਕੀਕਰਨ ਪ੍ਰਾਜੈਕਟ (NLBC- ERM) ਦਾ ਵੀ ਉਦਘਾਟਨ ਕੀਤਾ ਜਾਵੇਗਾ। 10, 000 ਕਿਊਸਿਕ ਦੀ ਨਹਿਰ ਦੀ ਸਮੱਰਥਾ ਵਾਲਾ ਇਹ ਪ੍ਰਾਜੈਕਟ ਕਮਾਂਡ ਖੇਤਰ ਦੇ 4.5 ਲੱਖ ਹੈਕਟੇਅਰ ਰਕਬੇ ਦੀ ਸਿੰਚਾਈ ਕਰ ਸਕਦਾ ਹੈ ਅਤੇ ਕਲਬੁਰਗੀ, ਯਾਦਗਿਰਿ ਅਤੇ ਵਿਜੈਪੁਰ ਜ਼ਿਲ੍ਹਿਆਂ ਦੇ 560 ਪਿੰਡਾਂ ਦੇ ਤਿੰਨ ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਪਹੁੰਚਾਏਗਾ। ਇਸ ਪ੍ਰਾਜੈਕਟ ਦੀ ਕੁੱਲ ਲਾਗਤ ਲਗਭਗ 4,70 ਕਰੋੜ ਰੁਪਏ ਹੈ।
ਇਸ ਤੋਂ ਇਲਾਵਾ ਪੀਐਮ ਮੋਦੀ ਪ੍ਰਧਾਨਮੰਤਰੀ ਕੌਮੀ ਰਾਜਮਾਰਗ-150 ਸੀ ਦੇ 65.5 ਕਿ.ਮੀ. ਹਿੱਸੇ ਦਾ ਨੀਂਹ ਪੱਥਰ ਰੱਖਣਗੇ। ਇਹ ਗ੍ਰੀਨਫੀਲਡ ਸੜਕ ਯੋਜਨਾ ਸੂਰਤ-ਚੇਨੱਈ ਐਕਸਪ੍ਰੈਸਵੇ ਦਾ ਹਿੱਸਾ ਹੈ। ਸੂਰਤ ਚੇਨੱਈ ਐਕਸਪ੍ਰੈਸਵੇ ਛੇ ਰਾਜਾਂ- ਗੁਜਰਾਤ, ਮਹਾਰਸ਼ਟਰ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਤਮਿਲਨਾਡੂ ਤੋਂ ਹੋ ਕੇ ਗੁਜ਼ਰੇਗਾ। ਇਹ ਮੌਜੂਦਾ ਮਾਰਗ ਨੂੰ 1,600 ਕਿਲੋਮੀਟਰ ਤੋਂ ਘਟਾ ਕੇ 1,270 ਕਿਮੀ. ਕਰ ਦੇਵੇਗਾ। ਮੋਦੀ ਕਰਨਾਟਕ ਦੌਰੇ ਤੋਂ ਬਾਅਦ ਮਹਾਰਾਸ਼ਟਰ ਰਵਾਨਾ ਹੋਣਗੇ।
ਪੀਐਮ ਮੋਦੀ ਮੁੰਬਈ ਦੌਰੇ ਵਿੱਚ 38,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 38,000 ਕਰੋੜ ਰੁਪਏ ਤੋਂ ਵੱਧ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਮੋਦੀ ਸੂਬੇ ਨੂੰ ਲਗਭਗ 12, 600 ਕਰੋੜ ਰੁਪਏ ਵਾਲੀ ਲਾਗਤ ਵਾਲੀ ਮੁੰਬਈ ਮੈਟਰੋ ਰੇਲ ਲਾਈਨ 2ਏ ਅਤੇ 7 ਸਮਰਪਿਤ ਕਰਨਗੇ। ਮੋਦੀ ਬਾਂਦਰਾ ਕੁਰਲਾ ਕੰਪਲੈਕਸ ਦੇ MMRD ਮੈਦਾਨ ਵਿੱਟ ਹੋਣ ਵਾਲੇ ਇਕ ਸਮਾਗਮ ਵਿੱਚ ਸੱਤ ਸੀਵਰੇਜ ਟ੍ਰੀਟਮੈਂਟ ਪਲਾਂਟ, ਸੜਕ ਕੰਕਰੀਟੀਕਰਨ ਪ੍ਰਾਜੈਕਟ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਪੁਨਰ ਵਿਕਾਸ ਕਾਰਜ ਦਾ ਨੀਂਹ ਪੱਥਰ ਰੱਖਣਗੇ।
ਜ਼ਿਕਰਯੋਗ ਹੈ ਕਿ ਭਾਜਪਾ ਵਿੱਤੀ ਤੌਰ ਉੱਤੇ ਖੁਸ਼ਹਾਲ ਬ੍ਰਿਹਨਮੰਬਈ ਨਗਰ ਨਿਗਮ ਚੋਣਾਂ ਵਿੱਚ ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਨੂੰ ਹਰਾਉਣ ਉੱਤੇ ਨਜ਼ਰ ਰੱਖ ਰਹੀ ਹੈ। BMC ਚੋਣਾਂ ਦੀਆਂ ਤਰੀਕਾਂ ਦਾ ਅਜੇ ਐਲਾਨ ਹੋਣਾ ਬਾਕੀ ਹੈ। ਦਹਿਸਰ (ਪੂਰਬੀ) ਅਤੇ ਡੀਐਨ ਨਗਰ (ਯੈਲੋ ਲਾਈਨ) ਨੂੰ ਜੋੜਨ ਵਾਲੀ ਮੈਟਰੋ ਲਾਈਨ 2ਏ ਕਰੀਬ 18.6 ਕਿਮੀ. ਲੰਮੀ ਹੈ, ਜਦਕਿ ਅੰਧੇਰੀ (ਪੂਰਬੀ) ਅਤੇ ਦਹਿਸਰ (ਪੂਰਬੀ) (ਲਾਲ ਲਾਈਨ) ਨੂੰ ਜੋੜਨ ਵਾਲੀ ਮੈਟਰੋ ਲਾਈਨ 7 ਕਰੀਬ 16.5 ਕਿਲੋਮੀਟਰ ਲੰਮੀ ਹੈ। ਦਿਲਚਸਪ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਖੁਦ 2015 ਵਿੱਚ ਇਨ੍ਹਾਂ ਲਾਈਨਾਂ ਦਾ ਨੀਂਹ ਪੱਧਰ ਰੱਖਿਆ ਸੀ। ਰੀਲੀਜ਼ ਮੁਤਾਬਕ, ਪੀਐਮ 'ਮੁੰਬਈ 1 ਮੋਬਾਈਲ ਐਪ' ਅਤੇ 'ਨੈਸ਼ਨਲ ਕਾਮਨ ਮੋਬਿਲਿਟੀ ਕਾਰਨ (ਮੁੰਬਈ 1)' (NCMC) ਨੂੰ ਲਾਂਚ ਕਰਨਗੇ। ਕਿਹਾ ਜਾ ਰਿਹਾ ਹੈ ਕਿ ਇਹ ਐਪ ਯਾਤਰਾ ਨੂੰ ਆਸਾਨ ਬਣਾਉਣ ਵਿੱਚ ਮਦਦਗਾਰ ਹੋਵੇਗੀ।
ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਤੇਲੰਗਾਨਾ 'ਚ BJP ਨੂੰ ਲਾਏ ਰਗੜੇ, ਕਿਹਾ BJP ਦੇਸ਼ ਦੀ ਜੁਮਲਾ ਪਾਰਟੀ