ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਾਰੇ ਸੂਬੇ ਦੇ ਮੁੱਖ ਮੰਤਰੀਆਂ ਦੇ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਉਹ ਮਹਾਂਮਾਰੀ ਦੀ ਤਾਜ਼ਾ ਸਥਿਤੀ ਦੇ ਨਾਲ ਦੇਸ਼ ਭਰ ਵਿੱਚ ਜਾਰੀ ਟੀਕਾਕਰਨ ਮੁਹਿੰਮ ਦੀ ਵੀ ਸਮੀਖਿਆ ਕਰਨਗੇ।
ਸੂਤਰਾਂ ਮੁਤਾਬਕ ਮੁੱਖ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਅੱਜ ਸ਼ਾਮ ਸਾਢੇ 6 ਵਜੇ ਹੈ। ਇਸ ਦੌਰਾਨ ਕੋਰੋਨਾ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਕੋਈ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਪੀਐਮ ਮੋਦੀ ਨੇ 17 ਮਾਰਚ ਨੂੰ ਮੁੱਖ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜੇਕਰ ਇਸ ਵਧਦੀ ਮਹਾਂਮਾਰੀ ਨੂੰ ਇੱਥੇ ਨਹੀਂ ਰੋਕਿਆ ਗਿਆ ਤਾਂ ਦੇਸ਼ ਭਰ ਸੰਕਰਮਣ ਫੈਲ ਸਕਦਾ ਹੈ।
ਇਸੇ ਹਫ਼ਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ 11 ਸੂਬਿਆਂ ਅਤੇ ਕੇਂਦਰਸ਼ਾਸ਼ਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਬੈਠਕ ਕਰ ਕੋਰੋਨਾ ਲਾਗ ਦੇ ਮਾਮਲਿਆਂ ਵਿੱਚ ਹੋ ਰਹੇ ਵਾਧੇ ਦੀ ਸਮੀਖਿਆ ਕੀਤੀ ਸੀ ਜਿਸ ਵਿੱਚ ਇਹ ਸੂਬੇ ਸ਼ਾਮਲ ਹਨ ਜੋ ਕਿ ਇਸ ਤਰ੍ਹਾਂ: ਮਹਾਰਾਸ਼ਟਰ, ਛਤੀਸਗੜ੍ਹ, ਦਿੱਲੀ, ਗੁਜਰਾਤ ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਹੈ।
ਸਿਹਤ ਮੰਤਰਾਲੇ ਮੁਤਾਬਕ ਮਹਾਰਾਸ਼ਟਰ, ਛਤੀਸਗੜ੍ਹ, ਕਰਨਾਟਕ, ਉਤਰ ਪ੍ਰਦੇਸ਼, ਦਿੱਲੀ, ਤਮਿਲਨਾਡੂ, ਮੱਧ ਪ੍ਰਦੇਸ਼, ਪੰਜਾਬ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।