ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਜਪਾ ਸੰਸਦੀ ਦਲ ਦੀ ਬੈਠਕ 'ਚ ਵੰਸ਼ਵਾਦ ਦੀ ਰਾਜਨੀਤੀ 'ਤੇ ਜ਼ੋਰਦਾਰ ਹਮਲਾ ਕੀਤਾ। ਆਪਣੇ ਸੰਬੋਧਨ 'ਚ ਪੀਐੱਮ ਮੋਦੀ ਨੇ ਕਿਹਾ ਕਿ ਜੇਕਰ ਕਿਸੇ ਭਾਜਪਾ ਨੇਤਾ, ਸੰਸਦ ਜਾਂ ਮੰਤਰੀ ਦੇ ਬੇਟੇ ਜਾਂ ਬੇਟੀ ਦੀ ਟਿਕਟ ਕੱਟੀ ਜਾਂਦੀ ਹੈ ਤਾਂ ਇਸ ਦੇ ਪਿੱਛੇ ਮੈਂ ਜ਼ਿੰਮੇਵਾਰ ਹਾਂ।
ਪ੍ਰਧਾਨ ਮੰਤਰੀ ਨੇ ਆਪਣੇ ਫੈਸਲੇ ਦਾ ਕਾਰਨ ਦਿੰਦਿਆਂ ਕਿਹਾ ਕਿ ਪਰਿਵਾਰਿਕ ਪਾਰਟੀਆਂ ਦੇਸ਼ ਨੂੰ ਖੋਖਲਾ ਕਰ ਰਹੀਆਂ ਹਨ। ਲੋਕ ਭਾਜਪਾ ਦੇ ਵਿਚਾਰਾਂ 'ਤੇ ਮੋਹਰ ਲਗਾਉਂਦੇ ਹਨ ਕਿਉਂਕਿ ਅਸੀਂ ਵੰਸ਼ਵਾਦ ਦੀ ਰਾਜਨੀਤੀ ਵਿਰੁੱਧ ਲੜਦੇ ਹਾਂ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਵਿੱਚ ਪਰਿਵਾਰਕ ਰਾਜਨੀਤੀ ਨਹੀਂ ਹੋਣ ਦਿੱਤੀ ਜਾਵੇਗੀ।
ਦੂਜੀਆਂ ਪਾਰਟੀਆਂ ਵਿੱਚ ਵੰਸ਼ਵਾਦ ਦੀ ਰਾਜਨੀਤੀ ਖ਼ਿਲਾਫ਼ ਲੜਾਈ ਜਾਰੀ ਰਹੇਗੀ। ਪੀਐਮ ਮੋਦੀ ਨੇ ਕਿਹਾ ਕਿ ਸਾਨੂੰ ਇਹ ਪ੍ਰਣ ਲੈਣਾ ਹੈ ਕਿ 2024 ਤੱਕ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਪਰਿਵਾਰਵਾਦ ਨੂੰ ਖਤਮ ਕਰਨਾ ਹੈ। ਦਿੱਲੀ ਦੇ ਅੰਬੇਡਕਰ ਭਵਨ 'ਚ ਹੋਈ ਭਾਜਪਾ ਸੰਸਦੀ ਦਲ ਦੀ ਬੈਠਕ 'ਚ ਪੀਐੱਮ ਮੋਦੀ ਨੇ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜਿੱਥੇ ਹਾਰ ਹੋਈ ਹੈ, ਉਸ ਦੀ ਵੀ ਸਮੀਖਿਆ ਕੀਤੀ ਜਾਵੇਗੀ। ਭਾਜਪਾ ਦੇ ਸੰਸਦ ਮੈਂਬਰ ਮੁਲਾਂਕਣ ਤੋਂ ਬਾਅਦ ਹਾਰ ਦੇ ਕਾਰਨਾਂ ਬਾਰੇ ਰਿਪੋਰਟ ਪੇਸ਼ ਕਰਨਗੇ, ਜਿਸ ਦੇ ਆਧਾਰ 'ਤੇ ਅਗਲੀ ਰਣਨੀਤੀ ਬਣਾਈ ਜਾਵੇਗੀ।
'ਦਿ ਕਸ਼ਮੀਰ ਫਾਈਲਜ਼' ਦਾ ਜ਼ਿਕਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਫਿਲਮ 'ਦਿ ਕਸ਼ਮੀਰ ਫਾਈਲਜ਼' ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਫਿਲਮ ਵਿੱਚ ਜੋ ਦਿਖਾਇਆ ਗਿਆ ਹੈ, ਉਸ ਦੀ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਬੈਠਕ 'ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਜੰਗ ਪ੍ਰਭਾਵਿਤ ਯੂਕਰੇਨ 'ਚ ਫਸੇ ਭਾਰਤੀਆਂ ਦੀ ਮਦਦ ਲਈ ਆਪਰੇਸ਼ਨ ਗੰਗਾ ਤਹਿਤ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ।
ਚਾਰ ਰਾਜਾਂ ਲਈ ਆਬਜ਼ਰਵਰ ਤੈਅ
ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਪਾਰਟੀ ਵੱਲੋਂ ਵੀ ਆਬਜ਼ਰਵਰ ਤੈਅ ਕੀਤੇ ਗਏ ਸਨ। ਪਾਰਟੀ ਨੇ ਇਸ ਵਾਰ ਕੇਂਦਰ ਦੇ ਵੱਡੇ ਆਗੂਆਂ ਨੂੰ ਚਾਰ ਰਾਜਾਂ ਵਿੱਚ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉੱਤਰ ਪ੍ਰਦੇਸ਼ ਦਾ ਕੇਂਦਰੀ ਆਬਜ਼ਰਵਰ ਬਣਾਇਆ ਗਿਆ ਹੈ। ਉਨ੍ਹਾਂ ਦੇ ਨਾਲ ਕੋ-ਸੁਪਰਵਾਈਜ਼ਰ ਰਘੁਵਰ ਦਾਸ ਵੀ ਹੋਣਗੇ। ਰਾਜਨਾਥ ਸਿੰਘ ਨੂੰ ਉੱਤਰਾਖੰਡ ਦਾ ਚੀਫ਼ ਆਬਜ਼ਰਵਰ ਅਤੇ ਮੀਨਾਕਸ਼ੀ ਲੇਖੀ ਨੂੰ ਕੋ-ਆਬਜ਼ਰਵਰ ਬਣਾਇਆ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮਣੀਪੁਰ ਲਈ ਕੇਂਦਰੀ ਆਬਜ਼ਰਵਰ ਹੋਣਗੇ। ਕਿਰਨ ਰਿਜਿਜੂ ਨੂੰ ਉਨ੍ਹਾਂ ਦੇ ਨਾਲ ਕੋ-ਸੁਪਰਵਾਈਜ਼ਰ ਬਣਾਇਆ ਗਿਆ ਹੈ। ਗੋਆ ਵਿੱਚ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਸੌਂਪੀ ਗਈ ਹੈ।
ਇਹ ਵੀ ਪੜ੍ਹੋ: 4 ਸੂਬਿਆਂ ਦੇ ਕਾਂਗਰਸ ਪ੍ਰਧਾਨਾਂ ਸਮੇਤ ਸਿੱਧੂ ਦੀ ਛੁੱਟੀ