ਕਾਠਮੰਡੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਸੰਖੇਪ ਦੌਰੇ 'ਤੇ ਨੇਪਾਲ ਜਾਣਗੇ ਜਿੱਥੇ ਉਹ ਗੌਤਮ ਬੁੱਧ ਦੀ ਜਨਮ ਭੂਮੀ ਲੁੰਬੀਨੀ ਜਾਣਗੇ। ਇਸ ਤੋਂ ਇਲਾਵਾ ਉਹ ਆਪਣੇ ਨੇਪਾਲੀ ਹਮਰੁਤਬਾ ਸ਼ੇਰ ਬਹਾਦੁਰ ਦੇਉਬਾ ਨਾਲ ਵਿਆਪਕ ਗੱਲਬਾਤ ਕਰਨਗੇ। ਗੱਲਬਾਤ ਦੌਰਾਨ ਪਣ-ਬਿਜਲੀ, ਵਿਕਾਸ ਅਤੇ ਕਨੈਕਟੀਵਿਟੀ ਵਰਗੇ ਕਈ ਖੇਤਰਾਂ 'ਚ ਦੁਵੱਲੇ ਸਹਿਯੋਗ ਨੂੰ ਵਧਾਉਣ 'ਤੇ ਚਰਚਾ ਕੀਤੀ ਜਾ ਸਕਦੀ ਹੈ।
ਨੇਪਾਲ ਦੇ ਪ੍ਰਧਾਨ ਮੰਤਰੀ ਦੇ ਪ੍ਰੈੱਸ ਸਲਾਹਕਾਰ ਅਨਿਲ ਪਰਿਆਰ ਮੁਤਾਬਕ ਮੋਦੀ ਦੇਉਬਾ ਦੇ ਸੱਦੇ ਉੱਤੇ ਹਿਮਾਲੀਅਨ ਦੇਸ਼ ਦਾ ਦੌਰਾ ਕਰਨਗੇ। ਉਹ ਆਪਣੇ ਇੱਕ ਰੋਜ਼ਾ ਦੌਰੇ ਦੌਰਾਨ ਬੁੱਧ ਪੂਰਨਿਮਾ ਦੇ ਮੌਕੇ 'ਤੇ ਲੁੰਬੀਨੀ ਦਾ ਦੌਰਾ ਕਰਨਗੇ। 2014 ਤੋਂ ਬਾਅਦ ਮੋਦੀ ਦੀ ਨੇਪਾਲ ਦੀ ਇਹ ਪੰਜਵੀਂ ਯਾਤਰਾ ਹੈ। ਭਾਰਤੀ ਦੂਤਾਵਾਸ ਦੇ ਸੂਤਰਾਂ ਅਨੁਸਾਰ ਉਹ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਲੁੰਬਨੀ ਪਹੁੰਚਣਗੇ ਅਤੇ ਸ਼ਾਮ 5 ਵਜੇ ਵਾਪਸ ਪਰਤਣਗੇ। ਮੋਦੀ ਮਾਇਆ ਦੇਵੀ ਦੇ ਮੰਦਰ 'ਚ ਜਾ ਕੇ ਪੂਜਾ ਵੀ ਕਰਨਗੇ। ਉਹ ਲੁੰਬੀਨੀ ਡਿਵੈਲਪਮੈਂਟ ਟਰੱਸਟ ਵੱਲੋਂ ਬੁੱਧ ਜੈਅੰਤੀ ਮੌਕੇ ਕਰਵਾਏ ਸਮਾਗਮ ਨੂੰ ਵੀ ਸੰਬੋਧਨ ਕਰਨਗੇ। ਮੋਦੀ ਲੁੰਬੀਨੀ ਮੱਠ ਖੇਤਰ ਦੇ ਅੰਦਰ ਬੋਧੀ ਸੰਸਕ੍ਰਿਤੀ ਅਤੇ ਵਿਰਾਸਤ ਦੇ ਕੇਂਦਰ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਣ ਵਿੱਚ ਵੀ ਹਿੱਸਾ ਲੈਣਗੇ।
ਲੁੰਬਿਨੀ ਨੇਪਾਲ ਦੇ ਤਰਾਈ ਮੈਦਾਨਾਂ ਵਿੱਚ ਸਥਿਤ ਹੈ ਅਤੇ ਇਹ ਬੁੱਧ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ ਜਿੱਥੇ ਭਗਵਾਨ ਬੁੱਧ ਦਾ ਜਨਮ ਹੋਇਆ ਸੀ। ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਨੇਪਾਲੀ ਹਮਰੁਤਬਾ ਦੇਉਬਾ ਵਿਚਕਾਰ ਲੁੰਬੀਨੀ ਵਿੱਚ ਦੁਵੱਲੀ ਮੀਟਿੰਗ ਵੀ ਹੋਵੇਗੀ। ਵਿਦੇਸ਼ ਮੰਤਰਾਲੇ ਵੱਲੋਂ ਇੱਥੇ ਜਾਰੀ ਬਿਆਨ ਮੁਤਾਬਕ, "ਮੀਟਿੰਗ ਦੌਰਾਨ ਦੋਵੇਂ ਆਗੂ ਨੇਪਾਲ-ਭਾਰਤ ਸਹਿਯੋਗ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ।" ਆਪਣੀ ਫੇਰੀ ਤੋਂ ਪਹਿਲਾਂ ਜਾਰੀ ਇੱਕ ਬਿਆਨ ਵਿੱਚ, ਮੋਦੀ ਨੇ ਕਿਹਾ ਕਿ ਉਹ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੂੰ ਪਿਛਲੇ ਮਹੀਨੇ ਦੇਉਬਾ ਦੀ ਭਾਰਤ ਫੇਰੀ ਦੌਰਾਨ ਹੋਈ “ਲਾਹੇਵੰਦ” ਵਿਚਾਰ-ਵਟਾਂਦਰੇ ਤੋਂ ਬਾਅਦ ਦੁਬਾਰਾ ਮਿਲਣ ਦੀ ਉਮੀਦ ਰੱਖਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੋਵੇਂ ਧਿਰਾਂ ਪਣ-ਬਿਜਲੀ, ਵਿਕਾਸ ਅਤੇ ਕਨੈਕਟੀਵਿਟੀ ਸਮੇਤ ਕਈ ਖੇਤਰਾਂ ਵਿੱਚ ਸਾਂਝੀ ਸਮਝ ਬਣਾਉਣਾ ਜਾਰੀ ਰੱਖਣਗੀਆਂ। ਨੇਪਾਲ ਦੌਰੇ ਤੋਂ ਪਹਿਲਾਂ ਐਤਵਾਰ ਨੂੰ ਜਾਰੀ ਇਕ ਬਿਆਨ 'ਚ ਮੋਦੀ ਨੇ ਕਿਹਾ, 'ਨੇਪਾਲ ਨਾਲ ਸਾਡੇ ਸਬੰਧ ਵਿਲੱਖਣ ਹਨ।" ਉਨ੍ਹਾਂ ਅੱਗੇ ਕਿਹਾ, "ਭਾਰਤ ਅਤੇ ਨੇਪਾਲ ਵਿਚਕਾਰ ਸਭਿਅਤਾ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧ ਸਾਡੇ ਨਜ਼ਦੀਕੀ ਸਬੰਧਾਂ ਦੀ ਸਥਾਈ ਇਮਾਰਤ 'ਤੇ ਖੜ੍ਹੇ ਹਨ। "ਮੇਰੀ ਫੇਰੀ ਦਾ ਉਦੇਸ਼ ਇਨ੍ਹਾਂ ਸਮੇਂ-ਪਰਖੇ ਹੋਏ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ ਜੋ ਸਦੀਆਂ ਤੋਂ ਪਾਲਿਆ ਗਿਆ ਹੈ ਅਤੇ ਸਾਡੇ ਗੱਲਬਾਤ ਦੇ ਲੰਬੇ ਇਤਿਹਾਸ ਵਿੱਚ ਦਰਜ ਹੈ।"
ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੋਦੀ ਅਤੇ ਦੇਉਬਾ ਵਿਚਾਲੇ 16 ਮਈ ਨੂੰ ਹੋਣ ਵਾਲੀ ਗੱਲਬਾਤ ਦਾ ਵਿਆਪਕ ਏਜੰਡਾ ਹੋਵੇਗਾ। ਭਾਰਤੀ ਦੂਤਘਰ ਦੇ ਸੂਤਰਾਂ ਮੁਤਾਬਕ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਵਿਦੇਸ਼ ਸਕੱਤਰ ਕਵਾਤਰਾ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਹੋਰ ਸੀਨੀਅਰ ਅਧਿਕਾਰੀ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ 'ਤੇ ਸ਼ਾਮਲ ਹੋਣਗੇ।
(ਪੀਟੀਆਈ)
ਇਹ ਵੀ ਪੜ੍ਹੋ : ਉੱਤਰਾਖੰਡ ਦੇ ਸਾਬਕਾ CM ਨੇ ਫਟੀ ਜੀਨਸ 'ਤੇ ਫਿਰ ਦਿੱਤਾ ਵਿਵਾਦਿਤ ਬਿਆਨ