ਫਤਿਹਾਬਾਦ: ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੀਵਾਲੀ ਮੌਕੇ ਪਟਾਕਾ ਵਪਾਰੀਆਂ ਨੂੰ ਰਾਹਤ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੀਵਾਲੀ ਦੇ ਦਿਨ ਲੋਕਾਂ ਨੂੰ ਪਟਾਕੇ ਚਲਾਉਣ ਲਈ 2 ਘੰਟੇ ਦੀ ਛੋਟ ਮਿਲੇਗੀ। ਤੁਹਾਨੂੰ ਦੱਸ ਦਈਏ ਕਿ ਸ਼ਨੀਵਾਰ ਨੂੰ ਮੁੱਖ ਮੰਤਰੀ ਨੇ ਹਰਿਆਣਾ ‘ਚ ਪਟਾਕੇ ਚਲਾਉਣ ‘ਤੇ ਰੋਕ ਲਗਾਉਣ ਦੀ ਗੱਲ ਕਹੀ ਸੀ।
ਹਰਿਆਣਾ ਵਿੱਚ ਪਟਾਕੇ ਬੈਨ ਹੋਣ ਦੀ ਖ਼ਬਰ ਸੁਣਦਿਆਂ ਹੀ ਵਪਾਰੀਆਂ 'ਚ ਭਾਰੀ ਰੋਸ ਵੇਖਣ ਨੂੰ ਮਿਲਿਆ। ਇੱਕ ਪਾਸੇ, ਵਪਾਰੀ ਵਾਤਾਵਰਣ ਦੇ ਮੱਦੇਨਜ਼ਰ ਇਸ ਫੈਸਲੇ ਨੂੰ ਵਧੀਆ ਦੱਸ ਰਹੇ ਸਨ।ਦੂਜੇ ਪਾਸੇ, ਉਨ੍ਹਾਂ ਨੇ ਕਿਹਾ ਕਿ ਪਿਛਲੇ ਸਮੇਂ 'ਚ ਲੌਕਡਾਊਨ ਦੇ ਕਾਰਨ ਉਹ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਅਜਿਹੀ ਸਥਿਤੀ 'ਚ ਪਟਾਕੇ ਚਲਾਉਣ 'ਤੇ ਰੋਕ ਲਗਾ ਕੇ ਉਨ੍ਹਾਂ ਦੀਆਂ ਉਮੀਦਾਂ ਨੂੰ ਝੱਟਕਾ ਦਿੱਤਾ ਗਿਆ ਹੈ।
ਵਪਾਰੀਆਂ ਦੀ ਇਸੇ ਸਮੱਸਿਆ ਨੂੰ ਵੇਖਦਿਆਂ ਮੁੱਖ ਮੰਤਰੀ ਮਨੋਹਰ ਲਾਲ ਨੇ ਪਟਾਕੇ ਚਲਾਉਣ ਵਾਲਿਆਂ ਨੂੰ 2 ਘੰਟੇ ਦੀ ਛੋਟ ਦਿੱਤੀ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਪਟਾਕਾ ਵਪਾਰੀਆਂ ਨੂੰ ਰਾਹਤ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪ੍ਰਦੂਸ਼ਣ ਵੀ ਲਗਾਤਾਰ ਵੱਧ ਰਿਹਾ ਹੈ।
ਇਨ੍ਹਾਂ ਚੀਜ਼ਾਂ ਦੇ ਮੱਦੇਨਜ਼ਰ ਸਰਕਾਰ ਨੇ ਪਹਿਲਾਂ ਪਟਾਕੇ ਚਲਾਉਣ ਵਾਲਿਆਂ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦਾ ਫੈਸਲਾ ਕੀਤਾ ਸੀ, ਪਰ ਹੁਣ ਉਨ੍ਹਾਂ ਨੇ ਵਪਾਰੀਆਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ 2 ਘੰਟੇ ਦੀ ਛੂਟ ਦਿੱਤੀ ਹੈ।
ਮੁੱਖ ਮੰਤਰੀ ਨੇ ਸੋਨੀਪਤ 'ਚ ਜ਼ਹਿਰੀਲੀ ਸ਼ਰਾਬ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸਾਨ ਅੰਦੋਲਨ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਨੂੰ ਭਰਮਾਉਣ ਲਈ ਕੰਮ ਕਰ ਰਹੀ ਹੈ। ਜਦੋਂ ਕਿ ਕਾਂਗਰਸ ਵਿਧਾਨ ਸਭਾ ਵਿੱਚ ਬਹਿਸ ਤੋਂ ਭੱਜ ਗਈ ਹੈ।