ਚੰਡੀਗੜ੍ਹ: ਭਾਰਤ ਦੀਆਂ ਸਰਹੱਦਾਂ ਉੱਪਰ ਸੁਰੱਖਿਆ ਬਲਾਂ ਦੇ ਨਾਲ ਹੁਣ ਕੁੱਤੇ ਵੀ ਦੇਸ਼ ਦੀ ਸਰਹੱਦ ਉੱਪਰ ਦੇਸ਼ ਵਿਰੋਧੀ ਗਤੀਵਿਧੀਆਂ ਉੱਪਰ ਨਜ਼ਰ ਰੱਖਣਗੇ। ਇਸਦੇ ਚੱਲਦੇ ਅਟਾਰੀ ਵਿਖੇ ਭਾਰਤ-ਪਾਕਿਸਤਾਨ ਸਰਹੱਦ 'ਤੇ ਦੇਸ਼ ਦਾ ਪਹਿਲਾ ਕੁੱਤਾ ਜੋ ਡਰੋਨ ਉੱਪਰ ਨਜ਼ਰ ਰੱਖੇਗਾ ਉਸਨੂੰ ਤਾਇਨਾਤ ਕੀਤਾ ਗਿਆ ਹੈ। ਜਰਮਨ ਸ਼ੈਫਰਡ ਨਸਲ ਦੇ ਇਸ ਕੁੱਤੇ ਦਾ ਨਾਮ ਫਰੂਟੀ ਰੱਖਿਆ ਗਿਆ ਹੈ ਜੋ ਬੀਐਸਐਫ ਨਾਲ ਸਰਹੱਦ ਉੱਪਰ ਡਰੋਨ ਦੀਆਂ ਗਤੀਵਿਧੀਆਂ ਉੱਪਰ ਨਜ਼ਰ ਰੱਖੇਗਾ।
ਫਰੂਟੀ ਨੂੰ ਕਿਵੇਂ ਤੇ ਕਿੱਥੇ ਕੀਤਾ ਗਿਆ ਹੈ ਤਿਆਰ: ਜਾਣਕਾਰੀ ਅਨੁਸਾਰ ਇਸ ਕੁੱਤੇ ਨੂੰ ਸਰਹੱਦ ਦੀ ਰੱਖਿਆ ਲਈ ਪਹਿਲਾਂ ਤਿਆਰ ਕੀਤਾ ਗਿਆ ਹੈ ਜਾਨੀ ਕਿ ਇਸ ਕੁੱਤੇ ਸਰਹੱਦ ਦੀ ਰਾਖੀ ਰੱਖਣ ਲਈ ਖਾਸ ਸਿਖਲਾਈ ਦਿੱਤੀ ਗਈ ਹੈ। ਬੀਐਸਐਫ ਅਕੈਡਮੀ ਟੇਕਨਪੁਰ, ਗਵਾਲੀਅਰ ਦੇ ਨੈਸ਼ਨਲ ਡੌਗ ਟਰੇਨਿੰਗ ਸੈਂਟਰ ਵਿੱਚ ਦੋ ਮਹੀਨਿਆਂ ਦੀ ਫੀਲਡ ਅਤੇ ਅਕਾਦਮਿਕ ਸਿਖਲਾਈ ਤੋਂ ਬਾਅਦ ਦੇਸ਼ ਦਾ ਪਹਿਲਾ ਸਿਖਲਾਈ ਪ੍ਰਾਪਤ ਕੁੱਤਾ ਫਰੂਟੀ ਤਿਆਰ ਕੀਤਾ ਗਿਆ ਹੈ।
ਭਾਰਤ ਤੋਂ ਪਹਿਲਾਂ ਕਿਹੜੇ ਦੇਸ਼ ਲੈ ਰਹੇ ਸੀ ਕੁੱਤਿਆਂ ਦੀ ਮਦਦ?: ਦੱਸ ਦਈਏ ਕਿ ਹੁਣ ਭਾਰਤ ਦੁਨੀਆ ਦਾ ਅਜਿਹਾ ਤੀਜਾ ਦੇਸ਼ ਬਣ ਚੁੱਕਿਆ ਹੈ ਜੋ ਸਿਖਲਾਈ ਪ੍ਰਾਪਤ ਕੁੱਤਿਆਂ ਦੀ ਸਹਾਇਤਾਂ ਨਾਲ ਸਰਹੱਦਾਂ ਉੱਪਰ ਡਰੋਨ ਦੀਆਂ ਗਤੀਵਿਧੀਆਂ ਨੂੰ ਰੋਕੇਗਾ। ਇਸ ਤੋਂ ਪਹਿਲਾਂ ਇਜ਼ਰਾਈਲ ਅਤੇ ਅਮਰੀਕਾ ਵੀ ਇੰਨ੍ਹਾਂ ਸਿਖਲਾਈ ਪ੍ਰਾਪਤ ਕੁੱਤਿਆਂ ਦੀ ਮਦਦ ਨਾਲ ਸਰਹੱਦਾਂ ’ਤੇ ਡਰੋਨਾਂ ਉੱਪਰ ਨਜ਼ਰ ਰੱਖ ਰਹੇ ਹਨ।
ਕਿਉਂ ਕੀਤੀ ਗਈ ਜਰਮਨ ਸ਼ੈਫਰਡ ਦੀ ਮੰਗ?: ਇੱਥੇ ਜ਼ਿਕਰਯੋਗ ਹੈ ਕਿ ਭਾਰਤ ਦੇ ਆਲੇ ਦੁਆਲੇ ਅਜਿਹੇ ਦੇਸ਼ ਹਨ ਜਿੰਨ੍ਹਾਂ ਥਾਵਾਂ ਉੱਪਰ ਡਰੋਨਾਂ ਦਾ ਆਉਣ ਜਾਣਾ ਬਣਿਆ ਰਹਿੰਦਾ ਹੈ ਜਿਸ ਕਾਰਨ ਇੰਨ੍ਹਾਂ ਸਿਖਲਾਈ ਪ੍ਰਾਪਤ ਕੁੱਤਿਆਂ ਦੀ ਮਦਦ ਨਾਲ ਬੀਐਸਐਫ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਵਿੱਚ ਕਾਮਯਾਬ ਹੋਵੇਗੀ। ਇਸਦੇ ਚੱਲਦੇ ਹੀ ਬੀਐਸਐਫ ਵਿੱਚ ਸਿਖਲਾਈ ਪ੍ਰਾਪਤ ਜਰਮਨ ਸ਼ੈਫਰਡ ਦੀ ਮੰਗ ਵਧ ਚੁੱਕੀ ਹੈ ਜਿਸਦੇ ਚੱਲਦੇ ਹੀ ਅਜਿਹੇ ਹੋਰ ਕੁੱਤੇ ਤਿਆਰ ਕੀਤੇ ਜਾ ਰਹੇ ਹਨ ਤਾਂ ਕਿ ਦੇਸ਼ ਦੀ ਸਰਹੱਦਾਂ ਉੱਪਰ ਡਰੋਨ ਦੀਆਂ ਗਤੀਵਿਧੀਆਂ ਨੂੰ ਬਿਲਕੁਲ ਬੰਦ ਕੀਤਾ ਜਾ ਸਕੇ। ਦੱਸ ਦਈਏ ਕਿ ਭਾਰਤ ਦੇ ਨਾਲ ਪਾਕਿਸਤਾਨ, ਚੀਨ ਅਤੇ ਬੰਗਲਾਦੇਸ਼ ਦੀਆਂ ਸਰਹੱਦਾਂ ਲੱਗਦੀਆਂ ਹਨ ਅਤੇ ਇੰਨ੍ਹਾਂ ਦੇਸ਼ਾਂ ਦੀਆਂ ਸਰਹੱਦਾਂ ਤੋਂ ਜੋ ਅਜਿਹੀਆਂ ਗਤੀਵਿਧੀਆਂ ਹੁੰਦੀਆਂ ਹਨ ਉਨ੍ਹਾਂ ਨੂੰ ਹੁਣ ਇੰਨ੍ਹਾਂ ਕੁੱਤਿਆਂ ਦੀ ਮਦਦ ਨਾਲ ਰੋਕਿਆ ਜਾਵੇਗਾ।
ਫਰੂਟੀ ਦੀਆਂ ਕੀ ਨੇ ਖੂਬੀਆਂ ?: ਜਾਣਕਾਰੀ ਅਨੁਸਾਰ ਇਸ ਜਰਮਨ ਸ਼ੈਫਰਡ ਕੁੱਤੇ ਨੂੰ ਗਵਾਲੀਅਰ ਦੇ ਸਿਖਲਾਈ ਕੇਂਦਰ ਵਿੱਚ ਸਰਹੱਦ ਵਰਗੇ ਹਾਲਾਤਾਂ ਵਿੱਚ ਰੱਖ ਕੇ ਸਿਖਲਾਈ ਦਿੱਤੀ ਗਈ ਹੈ ਅਤੇ ਜਦੋਂ ਇਹ ਕੁੱਤਾ ਸਵੇਰ ਅਤੇ ਸ਼ਾਮ ਦੀ ਸਿਖਲਾਈ ਤੋਂ ਬਾਅਦ ਦੂਰੋਂ ਡਰੋਨ ਦੀ ਆਵਾਜ਼ ਸੁਣ ਕੇ ਜਵਾਬ ਦੇਣ ਦੇ ਕਾਬਲ ਹੋ ਗਿਆ ਤਾਂ ਉਸ ਤੋਂ ਬਾਅਦ ਫਰੂਟੀ ਨੂੰ ਸਰਹੱਦ ਉੱਪਰ ਤਾਇਨਾਤ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਸਦੇ ਚੱਲਦੇ ਫਰੂਟੀ ਨੂੰ ਅੰਮ੍ਰਿਤਸਰ ਦੇ ਅਟਾਰੀ ਸਰਹੱਤ ’ਤੇ ਤਾਇਨਾਤ ਕੀਤਾ ਗਿਆ।
ਕਿਵੇਂ BSF ਨੂੰ ਕਰੇਗਾ ਚੌਕਸ: ਸਰਹੱਦਾਂ ਉੱਪਰ ਨਜ਼ਰ ਰੱਖਣ ਲਈ ਬੀਐਸਐਫ ਵੱਲੋਂ ਜਰਮਨ ਸ਼ੈਫਰਡ ਦੀ ਚੋਣ ਕਰਨ ਪਿੱਛੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਇਸ ਕੁੱਤੇ ਦੀ ਤੇਜ਼ੀ ਨਾਲ ਸੁਣਨ ਦੀ ਯੋਗਤਾ ਹੁੰਦੀ ਹੈ ਜਿਸ ਕਾਰਨ ਫਰੂਟੀ ਨੂੰ ਇਸ ਕੰਮ ਲਈ ਚੁਣਿਆ ਗਿਆ ਹੈ। ਇਸਦੇ ਚੱਲਦੇ ਹੀ ਬੀਐਸਐਫ ਵੱਲੋਂ ਜਰਮਨ ਸ਼ੈਫਰਡ ਨੂੰ ਸਿਖਲਾਈ ਦੇ ਕੇ ਤਿਆਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜਦੋਂ ਵੀ ਫਰੂਟੀ ਕਿਸੇ ਡਰੋਨ ਗਤੀਵਿਧੀ ਨੂੰ ਸੁਣਦਾ ਜਾਂ ਦੇਖਦਾ ਹੈ ਤਾਂ ਉਹ ਤੁਰੰਤ ਉਸ ਗਤੀਵਿਧੀ ਨੂੰ ਲੈਕੇ ਪ੍ਰਤੀਕਿਰਿਆ ਦਿੰਦਾ ਹੈ ਜਿਸਦੇ ਚੱਲਦੇ ਫਰੂਟੀ ਨਾਲ ਤਾਇਨਾਤ ਬੀਐਸਐਫ ਦੇ ਜਵਾਨ ਉਸ ਡਰੋਨ ਨੂੰ ਆਸਾਨੀ ਨਾਲ ਫੜ ਸਕਦੇ ਹਨ।
ਇਹ ਵੀ ਪੜ੍ਹੋ: ਨਸ਼ੇ ਖ਼ਿਲਾਫ਼ ਪੁਲਿਸ ਵਲੋਂ ਇਸ ਪਿੰਡ 'ਚ ਵੱਡੀ ਕਾਰਵਾਈ, ਘਰ-ਘਰ ਜਾ ਕੇ ਕੀਤੀ ਰੇਡ