ਨਵੀਂ ਦਿੱਲੀ: ਮੋਦੀ ਸਰਕਾਰ (Modi Government) ਦੁਆਰਾ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਨੂੰ ਲੈ ਕੇ ਕਿਸਾਨ ਅੰਦੋਲਨ ’ਚ ਜੁਟੇ ਸਵਰਾਜ ਪਾਰਟੀ ਦੇ ਸੰਸਥਾਪਕ ਯੋਗੇਂਦਰ ਯਾਦਵ (farmer leader yogendra yadav ) ਨਾਲ ਈਟੀਵੀ ਭਾਰਤ ਦਿੱਲੀ ਸਟੇਟ ਹੈੱਡ ਵਿਸ਼ਾਲ ਸੂਰਿਆਕਾਂਤ ਨੇ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਯੋਗੇਂਦਰ ਯਾਦਵ ਨੇ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ (withdrawal agriculture law) ਦੇ ਐਲਾਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਪਹਿਲਾਂ ਹੀ ਕਹਿ ਰਹੇ ਸੀ ਕਿ ਕਿਸਾਨ ਅੰਦੋਲਨ ਦੀ ਅੱਗ 'ਚ ਤਿੰਨੋਂ ਖੇਤੀ ਕਾਨੂੰਨ ਮਰ ਗਏ ਹਨ, ਅਸੀਂ ਤਾਂ ਸਿਰਫ਼ ਮੌਤ ਦੇ ਸਰਟੀਫਿਕੇਟ ਦੀ ਉਡੀਕ ਕਰ ਰਹੇ ਸੀ, ਅੱਜ ਸਾਨੂੰ ਮਿਲ ਗਿਆ ਹੈ।
ਯੋਗੇਂਦਰ ਯਾਦਵ ਨੇ ਇਸ ਨੂੰ ਇਤਿਹਾਸਕ ਜਿੱਤ ਕਿਹਾ ਅਤੇ ਕਿਹਾ ਕਿ ਇਹ ਇਤਿਹਾਸਕ ਜਿੱਤ ਹੈ ਪਰ ਅਧੂਰੀ ਹੈ। ਇਸ ਦੇਸ਼ ਵਿੱਚ ਕਿਸਾਨਾਂ ਨੇ ਆਪਣੀ ਹੋਂਦ ਕਾਇਮ ਕੀਤੀ ਹੈ ਅਤੇ ਦੱਸਿਆ ਹੈ ਕਿ ਕਿਸਾਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦੇਸ਼ ਵਿਚ ਕਿਸਾਨਾਂ ਦੀ ਗੱਲ ਸੁਣੇ ਬਿਨਾਂ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਕੋਈ ਨਹੀਂ ਬੈਠ ਸਕਦਾ। ਅੰਦੋਲਨ ਦੀ ਰਣਨੀਤੀ ਦੀ ਜਿੱਤ ਜਾਂ ਚੋਣ ਰਾਜਨੀਤੀ ਦੀ ਜਿੱਤ ਦੇ ਸਵਾਲ 'ਤੇ ਯੋਗੇਂਦਰ ਯਾਦਵ ਨੇ ਕਿਹਾ ਕਿ ਜੇਕਰ ਸਾਡੀ ਰਣਨੀਤੀ ਨੇ ਦਬਾਅ ਬਣਾਇਆ ਤਾਂ ਸਰਕਾਰ ਨੂੰ ਚੋਣਾਂ ਦੀ ਚਿੰਤਾ ਹੋਈ ਹੈ। ਇਸ ਅੰਦੋਲਨ ਵਿੱਚ 700 ਲੋਕ ਸ਼ਹੀਦ ਹੋਏ, ਫਿਰ ਵੀ ਸਰਕਾਰ ਨਹੀਂ ਮੰਨੀ, ਪਰ ਚੋਣ ਦੰਗਲ ਵਿੱਚ ਕਿਸਾਨ ਅੰਦੋਲਨ ਕਾਰਨ ਤਖਤ ਹਿੱਲਣ ਲੱਗਾ ਤਾਂ ਸਰਕਾਰ ਜਾਗੀ। ਵਿਰੋਧੀ ਪਾਰਟੀਆਂ ਦੀ ਭੂਮਿਕਾ 'ਤੇ ਯੋਗੇਂਦਰ ਯਾਦਵ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਆਪਣੀ ਭੂਮਿਕਾ ਨਿਭਾਈ ਹੁੰਦੀ ਤਾਂ ਸ਼ਾਇਦ ਕਿਸਾਨਾਂ ਨੂੰ ਸੜਕਾਂ 'ਤੇ ਨਾ ਆਉਣਾ ਪੈਂਦਾ। ਪਰ ਅੰਦੋਲਨ ਵਿੱਚ ਇੱਕ ਮਹੱਤਵਪੂਰਨ ਪੜਾਅ ਪਾਰ ਕੀਤਾ ਗਿਆ ਹੈ, ਉਹ ਸਹਿਯੋਗ ਦੇਣ ਵਾਲਿਆਂ ਨੂੰ ਸਲਾਮ ਕਰਦੇ ਹਨ।
ਕਿਸਾਨਾਂ ਦੀ ਚੋਣ ਅਭਿਲਾਸ਼ਾ ਨਾਲ ਜੁੜੇ ਮੁੱਦੇ 'ਤੇ ਯੋਗੇਂਦਰ ਯਾਦਵ ਦਾ ਕਹਿਣਾ ਹੈ ਕਿ ਸਵਰਾਜ ਪਾਰਟੀ ਪੰਜਾਬ, ਯੂ.ਪੀ. ਦੀਆਂ ਚੋਣਾਂ ਨਹੀਂ ਲੜ ਰਹੀ। ਪ੍ਰਧਾਨ ਮੰਤਰੀ ਮੋਦੀ ਵੱਲੋਂ ਐੱਮਐੱਸਪੀ 'ਤੇ ਕਮੇਟੀ ਬਣਾਉਣ ਦੇ ਭਰੋਸੇ 'ਤੇ ਯੋਗੇਂਦਰ ਯਾਦਵ ਨੇ ਕਿਹਾ ਕਿ ਇਸ ਦੇਸ਼ 'ਚ ਜਿਸ ਕੰਮ 'ਤੇ ਮਿੱਟੀ ਪਾਉਣੀ ਹੁੰਦੀ ਹੈ, ਉਸ ਲਈ ਕਮੇਟੀ ਬਣਾਈ ਜਾਂਦੀ ਹੈ। ਸਰਕਾਰ ਨੂੰ ਪਹਿਲਾਂ ਤੈਅ ਕਰਨਾ ਚਾਹੀਦਾ ਹੈ ਕਿ ਉਹ ਐਮਐਸਪੀ ਦੀ ਗਰੰਟੀ ਦੇਵੇਗੀ। ਕਿਵੇਂ ਮਿਲੇਗੀ, ਇਸ ਲਈ ਦੁਬਾਰਾ ਕਮੇਟੀ ਬਣਾਈ ਜਾ ਸਕਦੀ ਹੈ।
ਇਹ ਵੀ ਪੜੋ: ਜਾਣੋਂ ਕਿਹੜੀ ਸੰਵਿਧਾਨਕ ਪ੍ਰਕਿਰਿਆ ਦੇ ਤਹਿਤ ਰੱਦ ਹੋਣਗੇ ਖੇਤੀ ਕਾਨੂੰਨ ?