ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸਦਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕੀਤੀ ਗਈ ਟਿੱਪਣੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰਾਂ ਦੇ ਨੋਟਿਸ 'ਤੇ ਲੋਕ ਸਭਾ ਸਕੱਤਰੇਤ 'ਚ ਵਿਸਤ੍ਰਿਤ ਜਵਾਬ ਦਾਖਲ ਕੀਤਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 7 ਫਰਵਰੀ ਨੂੰ ਰਾਸ਼ਟਰਪਤੀ ਦੇ ਭਾਸ਼ਣ 'ਤੇ ਲੋਕ ਸਭਾ 'ਚ ਧੰਨਵਾਦ ਮਤੇ 'ਤੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਖਿਲਾਫ ਟਿੱਪਣੀ ਕੀਤੀ ਸੀ।
10 ਫਰਵਰੀ ਨੂੰ ਰਾਹੁਲ ਨੂੰ ਲਿਖੇ ਪੱਤਰ ਵਿੱਚ, ਲੋਕ ਸਭਾ ਸਕੱਤਰੇਤ ਨੇ ਉਨ੍ਹਾਂ ਨੂੰ ਭਾਜਪਾ ਦੇ ਸੰਸਦ ਮੈਂਬਰਾਂ ਨਿਸ਼ੀਕਾਂਤ ਦੂਬੇ ਅਤੇ ਪ੍ਰਹਿਲਾਦ ਜੋਸ਼ੀ ਦੁਆਰਾ ਦਿੱਤੇ ਵਿਸ਼ੇਸ਼ ਅਧਿਕਾਰ ਉਲੰਘਣਾ ਨੋਟਿਸ ਦਾ ਜਵਾਬ ਲੋਕ ਸਭਾ ਸਪੀਕਰ ਦੇ ਵਿਚਾਰ ਲਈ 15 ਫਰਵਰੀ ਤੱਕ ਦਾਖਲ ਕਰਨ ਲਈ ਕਿਹਾ ਹੈ। ਭਾਜਪਾ ਦੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਦੇ 7 ਫਰਵਰੀ ਦੇ ਭਾਸ਼ਣ 'ਤੇ ਨੋਟਿਸ ਜਾਰੀ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਹਿੰਡਨਬਰਗ-ਅਡਾਨੀ ਮੁੱਦੇ 'ਤੇ ਟਿੱਪਣੀਆਂ ਕੀਤੀਆਂ ਸਨ। ਸੂਤਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਕੀਤੀ ਆਪਣੀ ਟਿੱਪਣੀ ਨੂੰ ਸਹੀ ਠਹਿਰਾਇਆ ਸੀ।
ਇਹ ਵੀ ਪੜ੍ਹੋ : Manisha Gulati resumed the post: ਮਨੀਸ਼ਾ ਗੁਲਾਟੀ ਦਾ ਝਲਕਿਆ ਦਰਦ, ਕਿਹਾ- "ਸਰਕਾਰ ਨੇ ਜੋ ਮੇਰੇ ਨਾਲ ਕੀਤਾ ਮੈਨੂੰ ਦੁੱਖ ਹੈ"
ਰਾਹੁਲ ਨੇ ਵੱਖ-ਵੱਖ ਕਾਨੂੰਨਾਂ ਅਤੇ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਕਈ ਪੰਨਿਆਂ ਵਿਚ ਵਿਸਤ੍ਰਿਤ ਜਵਾਬ ਦਿੱਤਾ ਹੈ। ਸੋਮਵਾਰ ਨੂੰ ਆਪਣੇ ਲੋਕ ਸਭਾ ਹਲਕੇ ਵਾਇਨਾਡ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਸਦਨ ਵਿੱਚ ਬਹਿਸ ਦੌਰਾਨ ਕੀਤੇ ਗਏ ਆਪਣੇ ਭਾਸ਼ਣ ਵਿੱਚੋਂ ਕਈ ਟਿੱਪਣੀਆਂ ਨੂੰ ਹਟਾਉਣ ਦੇ ਫੈਸਲੇ ਦੀ ਆਲੋਚਨਾ ਕੀਤੀ। ਕਾਂਗਰਸੀ ਆਗੂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਲਿਖੀ ਚਿੱਠੀ 'ਚ ਉਨ੍ਹਾਂ ਦੀ ਹਰ ਉਸ ਟਿੱਪਣੀ ਬਾਰੇ ਜਾਣਕਾਰੀ ਅਤੇ ਸਬੂਤ ਦਿੱਤੇ ਹਨ, ਜਿਨ੍ਹਾਂ ਨੂੰ ਸੰਸਦ ਦੀ ਕਾਰਵਾਈ 'ਚੋਂ ਕੱਢ ਦਿੱਤਾ ਗਿਆ ਸੀ। ਦੂਬੇ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਜੋਸ਼ੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਦਿੱਤੇ ਆਪਣੇ ਨੋਟਿਸ ਵਿੱਚ ਦੋਸ਼ ਲਾਇਆ ਕਿ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਬੇਬੁਨਿਆਦ ਹਨ ਅਤੇ ਉਨ੍ਹਾਂ ਨੂੰ ਗੈਰ-ਸੰਸਦੀ ਅਤੇ ਅਪਮਾਨਜਨਕ ਟਿੱਪਣੀਆਂ ਕਰਾਰ ਦਿੱਤਾ ਹੈ।