ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਮੱਧ ਬਾਜ਼ਾਰ 'ਚ ਹਿਮਾਚਲੀ ਰਸੋਈ ਨਾਮ ਦੇ ਰੈਸਟੋਰੈਂਟ 'ਚ ਹੋਏ ਧਮਾਕੇ ਦੀ ਜਾਂਚ ਲਈ ਐਤਵਾਰ ਸਵੇਰੇ ਐੱਨਐੱਸਜੀ ਕਮਾਂਡੋਜ਼ ਦੀ ਟੀਮ ਸ਼ਿਮਲਾ ਪਹੁੰਚੀ। ਟੀਮ ਨੇ ਮੌਕੇ 'ਤੇ ਜਾ ਕੇ ਸਬੂਤ ਇਕੱਠੇ ਕੀਤੇ। ਧਮਾਕੇ ਦੀ ਮਾਰ ਹੇਠ ਆਏ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਮਾਲ ਰੋਡ 'ਤੇ ਕਰੀਬ 20 ਐਨਐਸਜੀ ਕਮਾਂਡੋ ਤਾਇਨਾਤ ਸਨ, ਜਦਕਿ ਇਕ ਹੋਰ ਟੀਮ ਉਸ ਇਮਾਰਤ ਵਿਚ ਗਈ, ਜਿਸ ਵਿਚ ਧਮਾਕਾ ਹੋਇਆ ਸੀ। ਉਥੇ ਜਾ ਕੇ ਟੀਮ ਨੇ ਕੁਝ ਸਬੂਤ ਇਕ ਪੈਕੇਟ ਵਿਚ ਬੰਦ ਕਰ ਕੇ ਜਾਂਚ ਲਈ ਆਪਣੇ ਨਾਲ ਲੈ ਗਏ।
ਕੀ ਹੈ ਮਾਮਲਾ : 18 ਜੁਲਾਈ ਦੀ ਸ਼ਾਮ ਸ਼ਿਮਲਾ ਦੇ ਇਕ ਰੈਸਟੋਰੈਂਟ 'ਚ ਜ਼ੋਰਦਾਰ ਧਮਾਕਾ ਹੋਇਆ ਸੀ, ਜਿਸ 'ਚ 1 ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ 13 ਲੋਕ ਜ਼ਖਮੀ ਹੋ ਗਏ। ਸ਼ੁਰੂਆਤੀ ਜਾਂਚ 'ਚ ਇਸ ਨੂੰ ਸਿਲੰਡਰ ਧਮਾਕਾ ਦੱਸਿਆ ਜਾ ਰਿਹਾ ਸੀਸ ਪਰ ਪੁਲਿਸ ਨੂੰ ਸਿਲੰਡਰ ਧਮਾਕੇ ਦਾ ਕੋਈ ਸਬੂਤ ਨਹੀਂ ਮਿਲਿਆ।
ਸੀਸੀਟੀਵੀ ਫੁਟੇਜ ਆਈ ਸਾਹਮਣੇ : ਧਮਾਕਾ ਇੰਨਾ ਖ਼ਤਰਨਾਕ ਸੀ ਕਿ ਇਸ ਦੀ ਆਵਾਜ਼ ਆਲੇ-ਦੁਆਲੇ 500 ਮੀਟਰ ਤੱਕ ਸੁਣਾਈ ਦਿੱਤੀ। 10 ਤੋਂ 12 ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ, ਜਿਸ ਵਿੱਚ ਲੋਕ ਜਾਨ ਬਚਾਉਂਦੇ ਨਜ਼ਰ ਆ ਰਹੇ ਸਨ। ਸ਼ਿਮਲਾ ਦੇ ਐਸਪੀ ਸੰਜੀਵ ਗਾਂਧੀ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ।
SIT ਵੀ ਕਰ ਰਹੀ ਹੈ ਜਾਂਚ: ਸ਼ਿਮਲਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ਿਮਲਾ ਪੁਲਿਸ ਦੀ ਐਸਆਈਟੀ ਦੀ ਮੁੱਢਲੀ ਜਾਂਚ ਵਿੱਚ ਧਮਾਕੇ ਦਾ ਕਾਰਨ ਗੈਸ ਲੀਕ ਹੋਣਾ ਦੱਸਿਆ ਗਿਆ ਹੈ। ਪੁਲਿਸ ਨੇ ਕਿਹਾ ਸੀ ਕਿ ਫੋਰੈਂਸਿਕ ਜਾਂਚ ਦੀ ਅੰਤਿਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਧਮਾਕੇ ਦਾ ਅਸਲ ਕਾਰਨ ਕੀ ਸੀ। ਇਸ ਦੇ ਨਾਲ ਹੀ ਸ਼ਿਮਲਾ ਪੁਲਿਸ ਨੇ ਵੀ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ। ਪੁਲੀਸ ਨੇ ਆਈਪੀਸੀ ਦੀ ਧਾਰਾ 336, 337, 304ਏ ਤਹਿਤ ਕੇਸ ਦਰਜ ਕੀਤਾ ਸੀ।
ਸ਼ਿਵ ਮੰਦਰ 'ਚ ਮੱਥਾ ਟੇਕਣ ਆਇਆ ਸੀ ਅਵਨੀਸ਼: ਦੂਜੇ ਪਾਸੇ ਧਮਾਕੇ 'ਚ ਜਾਨ ਗਵਾਉਣ ਵਾਲਾ ਅਵਨੀਸ਼ ਸੂਦ ਆਪਣੀ ਪਤਨੀ ਨਾਲ ਸ਼ਿਵ ਮੰਦਰ 'ਚ ਮੱਥਾ ਟੇਕਣ ਆਇਆ ਸੀ। ਧਮਾਕੇ ਦੌਰਾਨ ਉਸ ਦੀ ਪਤਨੀ ਮੰਦਰ 'ਚ ਮੱਥਾ ਟੇਕ ਰਹੀ ਸੀ ਅਤੇ ਬਾਹਰ ਸੈਰ ਕਰ ਰਿਹਾ ਅਵਨੀਸ਼ ਹਾਦਸੇ ਦਾ ਸ਼ਿਕਾਰ ਹੋ ਗਿਆ।
ਧਮਾਕੇ ਦੀ ਅਸਲੀਅਤ ਜਲਦ ਆਵੇਗੀ ਸਾਹਮਣੇ : ਭਾਜਪਾ ਮੀਡੀਆ ਇੰਚਾਰਜ ਕਰਨ ਨੰਦਾ ਨੇ ਕਿਹਾ ਕਿ ਜਾਂਚ ਏਜੰਸੀ ਐਨਐਸਜੀ ਧਮਾਕੇ ਵਾਲੀ ਥਾਂ 'ਤੇ ਪਹੁੰਚ ਗਈ ਹੈ, ਜਿਸ ਦਾ ਸ਼ਿਮਲਾ ਦੇ ਲੋਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਐਨਐਸਜੀ ਆਪਣਾ ਕੰਮ ਕਰੇਗੀ, ਇਸ ਧਮਾਕੇ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਜਾਵੇਗੀ। ਸਾਡਾ ਮੰਨਣਾ ਹੈ ਕਿ ਜੋ ਸੱਚ ਹੈ, ਉਹ ਤੱਥਾਂ ਸਮੇਤ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਇਸ ਧਮਾਕੇ ਦੀ ਸਖ਼ਤ ਜਾਂਚ ਦੀ ਮੰਗ ਕਰ ਰਹੇ ਹਾਂ। ਇਸ ਧਮਾਕੇ ਕਾਰਨ ਸ਼ਿਮਲਾ ਦੀ ਪੂਰੀ ਧਰਤੀ ਭੂਚਾਲ ਵਾਂਗ ਹਿੱਲ ਗਈ। ਅਸੀਂ ਵਾਰ-ਵਾਰ ਪੁੱਛ ਰਹੇ ਹਾਂ ਕਿ ਇਸ ਧਮਾਕੇ ਦੀ ਤੀਬਰਤਾ ਇੰਨੀ ਸੀ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਕੋਈ ਆਮ ਧਮਾਕਾ ਨਹੀਂ ਸੀ।