ਕਰਨਾਟਕ/ਰਾਏਚੂਰ: ਕਰਨਾਟਕ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਇੱਕ ਜ਼ਿੰਦਾ ਨਵਜੰਮੇ ਬੱਚੇ ਨੂੰ ਕਥਿਤ ਤੌਰ 'ਤੇ ਮ੍ਰਿਤਕ ਕਹਿ ਕੇ ਮਾਪਿਆਂ ਨੂੰ ਸੌਂਪ ਦਿੱਤਾ।
ਨਵਜੰਮੇ ਬੱਚੇ ਦੀ ਮੌਤ ਤੋਂ ਦੁਖੀ ਪਰਿਵਾਰ ਬੱਚੇ ਦਾ ਅੰਤਿਮ ਸੰਸਕਾਰ ਕਰਨ ਹੀ ਵਾਲਾ ਸੀ ਕਿ ਰਿਸ਼ਤੇਦਾਰ ਨੇ ਬੱਚੇ ਨੂੰ ਸਾਹ ਲੈਂਦਿਆਂ ਦੇਖ ਕੇ ਉਸ ਨੂੰ ਜ਼ਿੰਦਾ ਦੱਸਿਆ। ਪਰਿਵਾਰ ਵਾਲੇ ਤੁਰੰਤ ਬੱਚੇ ਨੂੰ ਨਿੱਜੀ ਹਸਪਤਾਲ ਲੈ ਗਏ, ਜਿੱਥੇ ਫਿਲਹਾਲ ਬੱਚਾ ਜ਼ੇਰੇ ਇਲਾਜ ਹੈ। ਇਹ ਘਟਨਾ ਸ਼ਨੀਵਾਰ ਨੂੰ ਰਾਏਚੂਰ ਜ਼ਿਲੇ ਦੀ ਹੈ।
ਸਿੰਧਨੁਰੂ ਤਾਲੁਕ ਦੇ ਤੁਰੂਵਿਹਲਾ ਕਸਬਾ ਦੇ ਵਸਨੀਕ ਇਰੱਪਾ ਅਤੇ ਉਸ ਦੀ ਪਤਨੀ ਅਮਰੰਮਾ ਨੂੰ 10 ਮਈ ਨੂੰ ਤੁਰੂਵਿਹਾਲਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਲੜਕਾ ਹੋਇਆ ਸੀ, ਪਰ ਜਨਮ ਤੋਂ ਤੁਰੰਤ ਬਾਅਦ ਉਸ ਨੂੰ ਇਲਾਜ ਦੀ ਜ਼ਰੂਰਤ ਸੀ।
ਅਜਿਹੇ 'ਚ ਡਾਕਟਰਾਂ ਨੇ ਮਾਤਾ-ਪਿਤਾ ਨੂੰ ਸਿੰਧਨੁਰੂ ਦੇ ਸਰਕਾਰੀ ਹਸਪਤਾਲ ਲੈ ਜਾਣ ਦੀ ਸਲਾਹ ਦਿੱਤੀ। ਪਰ ਇਰੱਪਾ ਅਤੇ ਅਮਰੰਮਾ ਨੇ ਬੱਚੇ ਨੂੰ ਬਿਹਤਰ ਇਲਾਜ ਲਈ ਉਸੇ ਦਿਨ ਸਰਕਾਰੀ ਹਸਪਤਾਲ ਦੀ ਬਜਾਏ ਕਿਸੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ।
ਪ੍ਰਾਈਵੇਟ ਹਸਪਤਾਲ ਦੇ ਡਾਕਟਰ ਨੇ ਤਿੰਨ-ਚਾਰ ਦਿਨ ਬੱਚੇ ਦਾ ਇਲਾਜ ਕੀਤਾ, ਜਿਸ ਦਾ ਹਰ ਰੋਜ਼ 10 ਤੋਂ 12 ਹਜ਼ਾਰ ਰੁਪਏ ਦਾ ਬਿੱਲ ਆਇਆ। 14 ਮਈ ਨੂੰ ਡਿਊਟੀ 'ਤੇ ਮੌਜੂਦ ਡਾਕਟਰ ਨੇ ਨਵਜੰਮੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਬੱਚੇ ਨੂੰ ਉਸਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ।
ਉਸੇ ਦਿਨ ਇਰੱਪਾ ਅਤੇ ਅਮਰੰਮਾ ਮ੍ਰਿਤਕ ਬੱਚੇ ਦੇ ਅੰਤਿਮ ਸੰਸਕਾਰ ਲਈ ਜਾ ਰਹੇ ਸਨ, ਜਦੋਂ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਬੱਚੇ ਨੂੰ ਸਾਹ ਲੈਂਦਿਆਂ ਦੇਖਿਆ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਿੰਧਾਨੁਰੂ ਦੇ ਇਕ ਹੋਰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਹੁਣ ਬੱਚੇ ਦਾ ਇਲਾਜ ਚੱਲ ਰਿਹਾ ਹੈ। ਨਵਜੰਮੇ ਬੱਚੇ ਦੇ ਮਾਪਿਆਂ ਨੇ ਪ੍ਰਾਈਵੇਟ ਹਸਪਤਾਲ ਵਿੱਚ ਇਸ ਤਰ੍ਹਾਂ ਦੀ ਹਫੜਾ-ਦਫੜੀ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਹੈ।
ਇਹ ਵੀ ਪੜ੍ਹੋ: ਭਾਰਤ ਨੇ ਪਾਕਿਸਤਾਨ 'ਚ ਦੋ ਸਿੱਖਾਂ ਦੇ ਕਤਲ ਮਾਮਲੇ 'ਤੇ ਕੀਤਾ ਸਖ਼ਤ ਵਿਰੋਧ