ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ 'ਤੇ ਸੋਮਵਾਰ ਨੂੰ 9ਵੇਂ ਦਿਨ ਵੀ ਪਹਿਲਵਾਨਾਂ ਦਾ ਪ੍ਰਦਰਸ਼ਨ ਜਾਰੀ ਰਿਹਾ। ਜਿਵੇਂ-ਜਿਵੇਂ ਪਹਿਲਵਾਨਾਂ ਦੀ ਹੜਤਾਲ ਵਧ ਰਹੀ ਹੈ, ਹੜਤਾਲ 'ਤੇ ਬੈਠੇ ਪਹਿਲਵਾਨਾਂ ਨੂੰ ਹੋਰ ਅਥਲੀਟਾਂ ਅਤੇ ਸਿਆਸਤਦਾਨਾਂ ਦਾ ਸਮਰਥਨ ਮਿਲ ਰਿਹਾ ਹੈ। ਸੋਮਵਾਰ ਨੂੰ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਪਹਿਲਵਾਨਾਂ ਦੇ ਸਮਰਥਨ 'ਚ ਧਰਨੇ ਵਾਲੀ ਥਾਂ 'ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ।
ਜੰਤਰ-ਮੰਤਰ 'ਤੇ ਪ੍ਰਦਰਸ਼ਨ: ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਕਿ ਅੱਜ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਭਾਰਤੀ ਮਹਿਲਾ ਖਿਡਾਰੀਆਂ ਨੂੰ ਆਪਣੇ ਹੱਕਾਂ ਲਈ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਸਿਰਫ਼ ਇੱਕ ਵਿਅਕਤੀ ਨੂੰ ਬਚਾਉਣ ਲਈ ਪੂਰੀ ਪਾਰਟੀ ਲੱਗੀ ਹੋਈ ਹੈ। ਅੱਜ ਤੱਕ ਸਰਕਾਰੀ ਧਿਰ ਦਾ ਕੋਈ ਆਗੂ ਇੱਥੇ ਨਹੀਂ ਪੁੱਜਿਆ। ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਵੀ ਦਿੱਲੀ ਪੁਲਿਸ WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।
ਪਹਿਲਵਾਨਾਂ ਦਾ ਧਰਨਾ ਪ੍ਰਦਰਸ਼ਨ: ਦੱਸ ਦੇਈਏ ਕਿ ਦਿੱਲੀ 'ਚ ਦੁਪਹਿਰ ਤੱਕ ਕਈ ਇਲਾਕਿਆਂ 'ਚ ਭਾਰੀ ਮੀਂਹ ਪਿਆ। ਇਸ ਦੌਰਾਨ ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦਾ ਧਰਨਾ ਪ੍ਰਦਰਸ਼ਨ ਵੀ ਚੱਲ ਰਿਹਾ ਹੈ। ਅਜਿਹੇ 'ਚ ਅਚਾਨਕ ਮੀਂਹ ਪੈਣ ਨਾਲ ਸਾਰੇ ਲੋਕ ਇੱਧਰ-ਉੱਧਰ ਹੋ ਗਏ। ਪ੍ਰਦਰਸ਼ਨਕਾਰੀ ਖਿਡਾਰੀ ਮੀਂਹ ਤੋਂ ਬਚਣ ਲਈ ਇੱਧਰ-ਉੱਧਰ ਭੱਜਦੇ ਨਜ਼ਰ ਆਏ।
ਮਹਿਲਾ ਪਹਿਲਵਾਨ ਦਾ ਬਿਆਨ ਦਰਜ: WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਮ ਲਗਾਉਣ ਵਾਲੀ ਮਹਿਲਾ ਪਹਿਲਵਾਨ ਦਾ ਸੋਮਵਾਰ ਨੂੰ ਬਿਆਨ ਦਰਜ ਕੀਤਾ ਗਿਆ ਹੈ। ਹੋਰ ਮਹਿਲਾ ਪਹਿਲਵਾਨਾਂ ਦੇ ਵੀ ਜਲਦੀ ਹੀ ਬਿਆਨ ਦਰਜ ਕੀਤੇ ਜਾਣਗੇ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਹਨ। ਇਨ੍ਹਾਂ 'ਚੋਂ ਇਕ ਪੋਕਸੋ ਐਕਟ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਦਿੱਲੀ ਵਿੱਚ ਸੁਹਾਵਣਾ ਮੌਸਮ: ਦੱਸ ਦਈਏ ਦਿੱਲੀ ਵਿੱਚ ਐਤਵਾਰ ਨੂੰ ਮੌਸਮ ਸੁਹਾਵਣਾ ਹੋ ਗਿਆ। ਐੱਨਸੀਆਰ ਦੇ ਕੁਝ ਹਿੱਸਿਆਂ 'ਚ ਐਤਵਾਰ ਸ਼ਾਮ ਨੂੰ ਕੁਝ ਸਮੇਂ ਲਈ ਬਾਰਿਸ਼ ਵੀ ਦੇਖਣ ਨੂੰ ਮਿਲੀ। ਮੌਸਮ ਵਿਭਾਗ (IMD) ਵੱਲੋਂ ਅਨੁਮਾਨ ਲਗਾਇਆ ਗਿਆ ਹੈ ਕਿ ਅਗਲੇ ਕੁਝ ਦਿਨਾਂ ਤੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਪੱਛਮੀ ਗੜਬੜੀ ਕਾਰਨ ਮੀਂਹ ਪਿਆ ਹੈ। ਐਤਵਾਰ ਨੂੰ ਮੱਧ ਪ੍ਰਦੇਸ਼, ਬਿਹਾਰ, ਰਾਜਸਥਾਨ ਵਿੱਚ ਮੀਂਹ ਪਿਆ।
ਇਹ ਵੀ ਪੜ੍ਹੋ: Honey Trap: ਸੋਸ਼ਲ ਮੀਡੀਆ ਸਟਾਰ ਜਸਨੀਤ ਦੇ ਸਾਥੀ ਲੱਕੀ ਸੰਧੂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ