ਮੁੰਬਈ: ਕਰੂਜ਼ ਡਰੱਗ ਮਾਮਲੇ (cruise drug case) ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (NIA) ਨੂੰ ਸੌਂਪੀ ਜਾ ਸਕਦੀ ਹੈ। ਸੂਤਰਾਂ ਮੁਤਾਬਿਕ ਐਨਆਈਏ ਮੁੰਬਈ ਕਰੂਜ਼ ਡਰੱਗ ਮਾਮਲੇ ਦੀ ਜਾਂਚ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਐਨਆਈਏ (NIA) ਦੇ ਤਿੰਨ ਅਧਿਕਾਰੀਆਂ ਨੇ ਮੁੰਬਈ 'ਚ ਐਨਸੀਬੀ (NCB) ਅਧਿਕਾਰੀਆਂ ਨਾਲ ਤਿੰਨ ਘੰਟੇ ਤੱਕ ਗੱਲਬਾਤ ਕੀਤੀ।
ਸੂਤਰਾਂ ਨੇ ਦੱਸਿਆ ਕਿ ਦਿੱਲੀ ਵਿੱਚ ਐਨਆਈਏ ਅਤੇ ਐਨਸੀਬੀ ਦੇ ਅਧਿਕਾਰੀਆਂ ਦੀ ਮੀਟਿੰਗ ਵੀ ਹੋਈ। ਐਨਆਈਏ (NIA) ਨੇ ਐਨਸੀਬੀ (NCB) ਤੋਂ ਮੁੰਬਈ ਕਰੂਜ਼ ਡਰੱਗ ਮਾਮਲੇ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਹਾਸਲ ਕੀਤੀਆਂ ਹਨ।
ਰਿਪੋਰਟ ਮੁਤਾਬਿਕ ਇਸ ਮਾਮਲੇ ਦੀ ਕੜੀ ਕੌਮਾਂਤਰੀ ਰੈਕੇਟ ਨਾਲ ਜੁੜੀ ਹੋ ਸਕਦੀ ਹੈ। ਇਸ ਲਈ ਦੇਸ਼ ਲਈ ਸੰਭਾਵੀ ਖਤਰੇ ਨੂੰ ਦੇਖਦੇ ਹੋਏ ਇਸ ਹਾਈ ਪ੍ਰੋਫਾਈਲ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਕਰੂਜ਼ ਡਰੱਗ ਮਾਮਲੇ ਦੀ ਜਾਂਚ 'ਚ ਕਈ ਬੇਨਿਯਮੀਆਂ ਦੇ ਦੋਸ਼ ਲੱਗੇ ਹਨ। ਐੱਨਸੀਬੀ ਦੇ ਮੁੰਬਈ ਜ਼ੋਨ ਦੇ ਡਾਇਰੈਕਟਰ ਸਮੀਰ ਵਾਨਖੇੜੇ 'ਤੇ ਵੀ ਡਰੱਗ ਮਾਮਲੇ 'ਚ 'ਵਸੂਲੀ' ਵਰਗੇ ਗੰਭੀਰ ਦੋਸ਼ ਲੱਗੇ ਹਨ। ਹਾਲਾਂਕਿ, ਉਸਨੇ ਜਾਂਚ ਵਿੱਚ ਬੇਨਿਯਮੀਆਂ ਦੇ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ।
ਉੱਥੇ ਹੀ ਐਨਸੀਬੀ ਨੇ ਸਮੀਰ ਵਾਨਖੇੜੇ 'ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਪੰਜ ਮੈਂਬਰੀ ਟੀਮ ਮੁੰਬਈ ਭੇਜੀ ਗਈ ਹੈ। ਐਨਸੀਬੀ ਦੇ ਡਿਪਟੀ ਡਾਇਰੈਕਟਰ ਜਨਰਲ ਗਿਆਨੇਸ਼ਵਰ ਸਿੰਘ ਇਸ ਦੀ ਅਗਵਾਈ ਕਰ ਰਹੇ ਹਨ।
ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਰੂਜ਼ ਡਰੱਗ ਮਾਮਲੇ 'ਚ ਜਬਰੀ ਵਸੂਲੀ ਦੀ ਕੋਸ਼ਿਸ਼ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਉਦੋਂ ਤੱਕ ਅੱਗੇ ਨਹੀਂ ਵਧ ਸਕਦੀ ਜਦੋਂ ਤੱਕ ਉਹ ਆਜ਼ਾਦ ਗਵਾਹ ਪ੍ਰਭਾਕਰ ਸੈਲ ਤੋਂ ਪੁੱਛਗਿੱਛ ਨਹੀਂ ਕਰਦੀ। ਸਿੰਘ ਨੇ ਕਿਹਾ ਕਿ ਉਹ ਹੁਣ ਤੱਕ ਪੰਜ ਐਨਸੀਬੀ ਅਧਿਕਾਰੀਆਂ ਅਤੇ ਤਿੰਨ ਹੋਰਾਂ ਦੇ ਬਿਆਨ ਦਰਜ ਕਰ ਚੁੱਕੇ ਹਨ।
ਪ੍ਰਭਾਕਰ ਸੈਲ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਐਨਸੀਬੀ (NCB) ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਅਤੇ ਹੋਰ ਅਧਿਕਾਰੀਆਂ 'ਤੇ ਮੁੰਬਈ ਤੱਟ ਤੋਂ ਕਥਿਤ ਤੌਰ 'ਤੇ ਇੱਕ ਕਰੂਜ਼ ਜਹਾਜ਼ ਤੋਂ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾਣ ਤੋਂ ਬਾਅਦ "ਵਸੂਲੀ" ਦੀਆਂ ਕੋਸ਼ਿਸ਼ਾਂ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ 'ਚ ਅਦਾਕਾਰ ਸ਼ਾਹਰੁਖ਼ ਖ਼ਾਨ ਦੀ ਬੇਟੇ ਆਰੀਅਨ ਖ਼ਾਨ ਅਤੇ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜੋ: ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਪਾਪਾ ਸ਼ਾਹਰੁਖ਼ ਨਾਲ 'ਮਨੰਤ' ਪਹੁੰਚੇ ਆਰੀਅਨ, ਹੋਇਆ ਜ਼ੋਰਦਾਰ ਸਵਾਗਤ