ਮੱਧ ਪ੍ਰਦੇਸ਼: ਸਿਕੰਦਰਾਬਾਦ-ਦਾਨਾਪੁਰ ਐਕਸਪ੍ਰੈੱਸ ਦੀ ਜਨਰਲ ਬੋਗੀ 'ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਟਰੇਨ ਨੂੰ ਬੈਤੁਲ ਅੰਡਰ ਬ੍ਰਿਜ 'ਤੇ ਰੋਕ ਦਿੱਤਾ ਗਿਆ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦਾ ਸ਼ੱਕ ਹੈ।
ਦਰਅਸਲ, ਸਿਕੰਦਰਾਬਾਦ-ਦਾਨਾਪੁਰ ਐਕਸਪ੍ਰੈਸ ਦੀ ਜਨਰਲ ਬੋਗੀ ਵਿੱਚ ਬੁੱਧਵਾਰ ਸਵੇਰੇ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ। ਰੇਲ ਨੂੰ ਤੁਰੰਤ ਬੈਤੁਲ ਅੰਡਰ ਬ੍ਰਿਜ 'ਤੇ ਰੋਕਿਆ ਗਿਆ ਅਤੇ ਹੌਲੀ-ਹੌਲੀ ਬੈਤੁਲ ਸਟੇਸ਼ਨ 'ਤੇ ਲਿਆਂਦਾ ਗਿਆ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਗ ਕਿਸੇ ਯਾਤਰੀ ਵੱਲੋਂ ਸੜੀ ਹੋਈ ਬੀੜੀ ਦੇ ਬਿਜਲੀ ਦੇ ਡੱਬੇ ਵਿੱਚ ਪਾਉਣ ਕਾਰਨ ਸ਼ਾਰਟ ਸਰਕਟ ਹੋਣ ਨਾਲ ਲੱਗੀ ਹੈ।
ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ
ਅੱਗ ਲੱਗਣ ਤੋਂ ਬਾਅਦ ਕੋਚ 'ਚ ਚਾਰੇ ਪਾਸੇ ਧੂੰਆਂ ਨਜ਼ਰ ਆਉਣ ਲੱਗਾ। ਚੱਲਦੀ ਰੇਲਗੱਡੀ ਨੂੰ ਅੱਗ ਲੱਗਣ ਦੀ ਘਟਨਾ ਸੁਣ ਕੇ ਯਾਤਰੀਆਂ ਵਿੱਚ ਹਾਹਾਕਾਰ ਮੱਚ ਗਈ। ਹਰ ਕੋਈ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਨ ਲੱਗਾ। ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ: ਵੰਦੇ ਭਾਰਤ ਟ੍ਰੇਨਾਂ 'ਚ ਹੁਣ ਵੱਜੇਗਾ ਰੇਡੀਓ !
ਇਸ ਦੇ ਨਾਲ ਹੀ, ਰੇਲਵੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਕਰੀਬ ਅੱਧੇ ਘੰਟੇ ਤੱਕ ਟਰੇਨ ਨੂੰ ਰੋਕਿਆ ਗਿਆ ਅਤੇ ਅੱਗ ਬੁਝਾਉਣ ਤੋਂ ਬਾਅਦ ਟਰੇਨ ਨੂੰ ਰਵਾਨਾ ਕੀਤਾ ਗਿਆ। ਗ਼ਨੀਮਤ ਰਿਹਾ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।