ਪਾਣੀਪਤ/ਹਰਿਆਣਾ: ਪਾਣੀਪਤ ਵਿੱਚ ਇਸ ਸਮੇਂ ਇੱਕ ਮਹਿੰਗੇ ਤਲਾਕ ਦਾ ਮਾਮਲਾ ਸੁਰਖੀਆਂ ਵਿੱਚ ਹੈ। ਦਰਅਸਲ, ਇਸ ਤਲਾਕ ਦਾ ਫੈਸਲਾ ਇੱਕ ਕਰੋੜ, 11 ਹਜ਼ਾਰ ਰੁਪਏ ਵਿੱਚ ਹੋਇਆ ਹੈ। ਇਨ੍ਹਾਂ ਚੋਂ 70 ਲੱਖ ਰੁਪਏ 6 ਸਾਲ ਦੀ ਧੀ ਦੇ ਨਾਮ ਐਫਡੀ ਵਜੋਂ ਮਿਲਣਗੇ ਅਤੇ 30 ਲੱਖ, 11 ਹਜ਼ਾਰ ਰੁਪਏ ਪਤਨੀ ਨੂੰ ਖ਼ਰਚ ਕਰਨ ਲਈ ਮਿਲਣਗੇ। ਕਿਹਾ ਜਾ ਰਿਹਾ ਹੈ ਕਿ ਪਾਣੀਪਤ ਵਿੱਚ ਇਹ ਸਭ ਤੋਂ ਮਹਿੰਗਾ ਤਲਾਕ ਦਾ ਮਾਮਲਾ ਹੈ। ਆਓ ਜਾਣਦੇ ਹਾਂ ਸ਼ੁਰੂ ਤੋਂ ਸਾਰਾ ਮਾਮਲਾ।
ਪਾਣੀਪਤ ਦੀ ਰਹਿਣ ਵਾਲੀ ਕੁੜੀ ਦਾ ਵਿਆਹ 7 ਸਾਲ ਪਹਿਲਾਂ ਰੋਹਤਕ ਦੇ ਇੱਕ ਕਾਰੋਬਾਰੀ ਨਾਲ ਹੋਇਆ। ਦੋਨਾਂ ਦੀ 6 ਸਾਲ ਦੀ ਇੱਕ ਧੀ ਹੈ। ਪਤਨੀ ਨੇ ਪਤੀ ਉੱਤੇ ਘਰੇਲੂ ਹਿੰਸਾ ਦਾ ਦੋਸ਼ ਲਾਉਂਦੇ ਹੋਏ ਤਲਾਕ ਲੈਣ ਦਾ ਫੈਸਲਾ ਕੀਤਾ। ਮਹਿਲਾ ਸੁਰੱਖਿਆ ਅਤੇ ਬਾਲ ਵਿਆਹ ਰੋਕੂ ਕਾਨੂੰਨ ਅਧਿਕਾਰੀ ਰਜਨੀ ਗੁਪਤਾ ਦੇ ਦਫ਼ਤਰ ਮੁਤਾਬਕ ਪਾਣੀਪਤ ਦਾ ਇਹ ਸਭ ਤੋਂ ਮਹਿੰਗਾ ਤਲਾਕ ਹੈ, ਇਸ ਤੋਂ ਪਹਿਲਾਂ ਕਦੇ ਵੀ 1 ਕਰੋੜ ਵਿੱਚ ਸਮਝੌਤਾ ਨਹੀਂ ਹੋਇਆ।
ਗਰਭਪਾਤ ਕਰਵਾਉਣ ਦਾ ਦੋਸ਼: ਰਜਨੀ ਗੁਪਤਾ ਨੇ ਦੱਸਿਆ ਕਿ ਕੁੜੀ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਇੱਕ 6 ਸਾਲ ਦੀ ਧੀ ਹੈ। ਦੂਜੀ ਵਾਰ ਪ੍ਰੈਗਨੈਂਸੀ ਹੋਣ ਉੱਤੇ ਲਿੰਗ ਜਾਂਚ ਕਰਵਾਈ ਗਈ ਸੀ ਜਿਸ ਦੌਰਾਨ ਕੁੱਖ ਵਿੱਚ ਧੀ ਹੋਣ ਦੇ ਚੱਲਦੇ, ਗਰਭਪਾਤ ਕਰਵਾ ਦਿੱਤਾ ਗਿਆ। ਕੁੜੀ ਵਲੋਂ ਪੁਲਿਸ ਸਟੇਸ਼ਨ ਵਿੱਚ ਕਿਸੇ ਵੀ ਤਰ੍ਹਾਂ ਇਹ ਮਾਮਲਾ ਦਰਜ ਕਰਵਾਇਆ। ਉੱਥੇ ਹੀ, ਕਾਰੋਬਾਰੀ ਮੁੰਡੇ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਕੁੜੀ ਖੁਦ ਪੇਕੇ ਘਰ ਜਾ ਕੇ ਗਰਭਪਾਤ ਕਰਵਾ ਕੇ ਆਈ ਸੀ।
ਘਰੇਲੂ ਹਿੰਸਾ ਦੇ ਆਧਾਰ 'ਤੇ ਪਤਨੀ ਨੇ ਦਾਇਰ ਕੀਤੀ ਤਲਾਕ ਦੀ ਅਰਜ਼ੀ: ਮਹਿਲਾ ਸੁਰੱਖਿਆ ਅਤੇ ਬਾਲ ਵਿਆਹ ਰੋਕੂ ਕਾਨੂੰਨ ਅਧਿਕਾਰੀ ਰਜਨੀ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਕੋਲ ਕੁੜੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਗੱਲ ਉੱਤੇ ਦੋਨੋਂ ਧਿਰਾਂ ਨੂੰ ਬਿਠਾ ਕੇ ਕਾਊਂਸਲਿੰਗ ਕੀਤੀ ਗਈ। ਦੋਨੋਂ ਧਿਰਾਂ ਤਲਾਕ ਲੈਣ ਲਈ ਹੀ ਅੜੇ ਰਹੇ। ਬਾਅਦ ਵਿੱਚ ਤਲਾਕ ਦੀ ਸਹਿਮਤੀ ਬਣੀ ਤਾਂ, ਪਤਨੀ ਨੇ ਆਪਣੀ 6 ਸਾਲ ਦੀ ਧੀ ਦੀ ਕਸਟਡੀ ਆਪਣੇ ਕੋਲ ਰੱਖੀ।
5 ਸਾਲਾਂ ਵਿੱਚ ਆਏ 1 ਹਜ਼ਾਰ ਤੋਂ ਵੱਧ ਮਾਮਲੇ: ਸੁਰੱਖਿਆ ਅਤੇ ਬਾਲ ਵਿਆਹ ਰੋਕੂ ਕਾਨੂੰਨ ਅਧਿਕਾਰੀ ਮੁਤਾਬਕ, 22 ਫੀਸਦੀ ਮਾਮਲਿਆਂ ਵਿੱਚ ਪਤੀ-ਪਤਨੀ ਆਪਸੀ ਸਹਿਮਤੀ ਨਾਲ ਘਰ ਵਸਾ ਲੈਂਦੇ ਹਨ ਜਾਂ ਫਿਰ ਤਲਾਕ ਲੈਣ ਲਈ ਮੰਨ ਜਾਂਦੇ ਹਨ। 80 ਫ਼ੀਸਦੀ ਮਾਮਲੇ ਕੋਰਟ ਵਿੱਚ ਜਾਂਦੇ ਹਨ। ਰਜਨੀ ਗੁਪਤਾ ਨੇ ਦੱਸਿਆ ਕਿ 2018 ਤੋਂ 2023 ਤੱਕ 5 ਸਾਲਾਂ ਵਿੱਚ 1,399 ਮਾਮਲਿਆਂ ਚੋਂ 311 ਮਾਮਲੇ ਉਨ੍ਹਾਂ ਦੇ ਦਫ਼ਤਰ ਵਿੱਚ ਆਪਸੀ ਸਹਿਮਤੀ ਨਾਲ ਨਜਿੱਠ ਲਏ ਗਏ ਅਤੇ 1,088 ਮਾਮਲਿਆਂ ਵਿੱਚ ਪਤੀ-ਪਤਨੀ ਕੋਰਟ ਵਿੱਚ ਗਏ।
ਤਲਾਕ ਲੈਣ ਲਈ ਜ਼ਰੂਰੀ ਸ਼ਰਤਾਂ ਤੇ ਨਿਯਮ: ਤਲਾਕ ਕਿਸ ਆਧਾਰ ਉੱਤੇ ਲੈਣਾ ਹੈ, ਇਹ ਪਤੀ-ਪਤਨੀ ਨੂੰ ਤੈਅ ਕਰਨਾ ਹੋਵੇਗਾ। ਇਸ ਲਈ ਦੋਨੋਂ ਧਿਰਾਂ ਕੋਲ ਪੁਖ਼ਤਾ ਸਬੂਤ ਹੋਣੇ ਜ਼ਰੂਰੀ ਹਨ। ਇਸ ਤੋਂ ਬਾਅਦ ਕੋਰਟ ਵਿੱਚ ਤਲਾਕ ਲਈ ਅਰਜ਼ੀ ਦਾਖਿਲ ਕਰਦੇ ਹੋਏ ਸਾਰੇ ਸਬੂਤ ਪੇਸ਼ ਕਰਨੇ ਹੁੰਦੇ ਹਨ। ਤਲਾਕ ਦੀ ਅਰਜ਼ੀ ਦਾਇਰ ਕਰਨ ਤੋਂ ਬਾਅਦ ਕੋਰਟ ਵਲੋਂ ਦੂਜੇ ਪਾਰਟਨਰ ਨੂੰ ਅਦਾਲਤ ਵਲੋਂ ਨੋਟਿਸ ਭੇਜਿਆ ਜਾਂਦਾ ਹੈ। ਪਹਿਲਾਂ ਗੱਲਬਾਤ ਕਰਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਮਾਮਲੇ ਦਾ ਹੱਲ ਨਾ ਨਿਕਲਣ ਉੱਤੇ ਕੇਸ ਕਰਨ ਵਾਲਾ ਪਾਰਟਨਰ, ਦੂਜੇ ਪਾਰਟਨਰ ਖਿਲਾਫ ਕੋਰਟ ਵਿੱਚ ਅਰਜ਼ੀ ਦਾਇਰ ਕਰਦਾ ਹੈ। ਨੋਟਿਸ ਤੋਂ ਬਾਅਦ ਜੇਕਰ, ਦੂਜਾ ਪਾਰਟਨਰ ਕੋਰਟ ਨਹੀਂ ਪਹੁੰਚਦਾ, ਤਾਂ ਤਲਾਕ ਲੈਣ ਵਾਲੇ ਪਾਰਟਨਰ ਨੂੰ ਕੋਰਟ ਵਿੱਚ ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ ਉੱਤੇ ਉਸ ਦੇ ਹਕ ਵਿੱਚ ਫੈਸਲਾ ਸੁਣਾਇਆ ਜਾਂਦਾ ਹੈ। ਦੱਸ ਦਈਏ ਕਿ ਪਤੀ-ਪਤਨੀ ਦੇ ਰਿਸ਼ਤੇ ਵਿੱਚ ਦਰਾਰ ਉੱਤੇ ਤਲਾਕ ਦੇ ਕੋਈ ਨਿਯਮ ਨਹੀਂ ਹਨ, ਤਲਾਕ ਲਈ ਪਤੀ-ਪਤਨੀ ਦੋਨਾਂ ਦੀ ਆਪਸੀ ਸਹਿਮਤੀ ਨਾਲ ਅਰਜ਼ੀ ਦਾਇਰ ਕਰਨੀ ਹੁੰਦੀ ਹੈ।