ਹੈਦਰਾਬਾਦ ਡੈਸਕ : ਚੱਕਰਵਾਤ ਬਿਪਰਜੋਏ ਦੇ ਮੱਦੇਨਜ਼ਰ ਰੇਲਵੇ ਵੱਲੋਂ ਵੀ ਸਾਵਧਾਨੀ ਦੇ ਕਦਮ ਚੁੱਕੇ ਗਏ ਹਨ। ਉੱਤਰੀ ਪੱਛਮੀ ਰੇਲਵੇ (NWR) ਅਤੇ ਪੱਛਮੀ ਰੇਲਵੇ ਦੁਆਰਾ ਕਈ ਟਰੇਨਾਂ ਦੀ ਸੇਵਾ ਅਸਥਾਈ ਤੌਰ 'ਤੇ ਰੱਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਈਆਂ ਦੇ ਸਮੇਂ ਅਤੇ ਰੂਟਾਂ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਬਾਰੇ ਯਾਤਰੀਆਂ ਨੂੰ ਸਮੇਂ ਸਿਰ ਸੂਚਿਤ ਕਰ ਦਿੱਤਾ ਗਿਆ ਹੈ। ਰੇਲਵੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੋਮਵਾਰ ਤੋਂ 16 ਜੂਨ ਦਰਮਿਆਨ ਬਿਪਰਜੋਏ ਤੋਂ ਪ੍ਰਭਾਵਿਤ ਇਲਾਕਿਆਂ 'ਚ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਵੇਗਾ।
ਪੱਛਮੀ ਰੇਲਵੇ ਨੇ ਗੁਜਰਾਤ ਦੇ ਤੱਟੀ ਖੇਤਰਾਂ ਵੱਲ ਜਾਣ ਵਾਲੀਆਂ 56 ਤੋਂ ਵੱਧ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਰੇਲਵੇ ਵੱਲੋਂ ਅਗਲੇ ਤਿੰਨ ਦਿਨਾਂ 'ਚ ਕਈ ਹੋਰ ਟਰੇਨਾਂ ਨੂੰ ਰੱਦ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਪੱਛਮੀ ਰੇਲਵੇ ਵੱਲੋਂ ਰੱਦ ਕੀਤੀਆਂ ਜਾਣ ਵਾਲੀਆਂ ਟਰੇਨਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ, ਉੱਤਰ ਪੱਛਮੀ ਰੇਲਵੇ (NWR) ਨੇ ਕੁਝ ਰੇਲ ਸੇਵਾਵਾਂ ਨੂੰ ਰੱਦ ਕਰ ਦਿੱਤਾ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਬਿਪਰਜੋਏ ਦੇ 16 ਜੂਨ ਨੂੰ ਦੱਖਣ-ਪੱਛਮੀ ਰਾਜਸਥਾਨ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਹੈ। ਉੱਤਰ ਪੱਛਮੀ ਰੇਲਵੇ ਨੇ ਇਕ ਬਿਆਨ 'ਚ ਕਿਹਾ ਕਿ ਬੰਗਾਲ ਦੀ ਖਾੜੀ 'ਚ ਚੱਕਰਵਾਤੀ ਤੂਫਾਨ ਬਿਪਰਜੋਏ ਦੇ ਮੱਦੇਨਜ਼ਰ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਨੇ ਰੇਲ ਸੇਵਾਵਾਂ ਨੂੰ ਅੰਸ਼ਕ ਤੌਰ 'ਤੇ ਰੱਦ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ 'ਚ ਸਥਿਤੀ ਨੂੰ ਦੇਖਦੇ ਹੋਏ ਹੋਰ ਟਰੇਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ।
ਚੱਕਰਵਾਤੀ ਤੂਫਾਨ ਬਿਪਰਜੋਏ ਗੁਜਰਾਤ ਦੇ ਕੱਛ ਜ਼ਿਲੇ 'ਚ ਜਾਖਾਊ ਬੰਦਰਗਾਹ ਨੇੜੇ ਟਕਰਾਉਣ ਦੀ ਸੰਭਾਵਨਾ ਹੈ। ਸਮੁੰਦਰ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਸਰਕਾਰ ਦਾ ਟੀਚਾ ਤੱਟ ਤੋਂ 10 ਕਿਲੋਮੀਟਰ ਦੇ ਅੰਦਰ ਲੋਕਾਂ ਨੂੰ ਕੱਢਣਾ ਹੈ। ਕੱਛ, ਪੋਰਬੰਦਰ, ਦੇਵਭੂਮੀ ਦਵਾਰਕਾ, ਜਾਮਨਗਰ, ਜੂਨਾਗੜ੍ਹ ਅਤੇ ਮੋਰਬੀ ਦੇ ਤੱਟਵਰਤੀ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਪਹਿਲਾਂ ਹੀ ਬੀਚ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅੱਜ 23,000 ਲੋਕਾਂ ਨੂੰ ਅਸਥਾਈ ਸ਼ਰਨ ਵਿੱਚ ਲਿਜਾਣ ਦੀ ਯੋਜਨਾ ਹੈ।