ਸ਼੍ਰੀਨਗਰ— ਪੀਡੀਪੀ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਐਤਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ 'ਚ ਸਰਕਾਰ ਦੀ ਜਗ੍ਹਾ ਅਰਾਜਕਤਾ ਨੇ ਲੈ ਲਈ ਹੈ। ਮਹਿਬੂਬਾ ਦੀ ਇਹ ਟਿੱਪਣੀ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਸਾਬਕਾ ਸੰਸਦ ਮੈਂਬਰ ਅਤੇ ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਨੂੰ ਹਮਲਾਵਰਾਂ ਵੱਲੋਂ ਮਾਰ ਦਿੱਤੇ ਜਾਣ ਤੋਂ ਬਾਅਦ ਆਈ ਹੈ। ਇਸ ਦੌਰਾਨ ਦੋਵੇਂ ਕਤਲ ਦੇ ਦੋਸ਼ ਵਿੱਚ ਨਿਆਂਇਕ ਹਿਰਾਸਤ ਵਿੱਚ ਸਨ।
ਇਸ ਸਬੰਧ ਵਿੱਚ ਮੁਫਤੀ ਨੇ ਟਵੀਟ ਕੀਤਾ ਕਿ ਯੂਪੀ ਅਰਾਜਕਤਾ ਅਤੇ ਜੰਗਲ ਰਾਜ ਵਿੱਚ ਖਿਸਕ ਗਿਆ ਹੈ। ਉੱਥੇ ਹੀ ਕੱਟੜ ਦੱਖਣਪੰਥੀਆਂ ਵੱਲੋਂ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਘਿਨਾਉਣੇ ਕਤਲੇਆਮ ਅਤੇ ਅਰਾਜਕਤਾ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਅਤੇ ਭ੍ਰਿਸ਼ਟਾਚਾਰ ਬਾਰੇ ਸਤਿਆਪਾਲ ਮਲਿਕ ਦੇ ਖੁਲਾਸਿਆਂ ਤੋਂ ਧਿਆਨ ਹਟਾਉਣ ਦੀ ਇਹ ਚਲਾਕੀ ਭਰੀ ਰਣਨੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਨੂੰ ਸ਼ਨੀਵਾਰ ਦੇਰ ਸ਼ਾਮ ਪ੍ਰਯਾਗਰਾਜ ਵਿੱਚ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ, ਜਦੋਂ ਯੂਪੀ ਪੁਲਿਸ ਉਨ੍ਹਾਂ ਨੂੰ ਜਾਂਚ ਲਈ ਹਸਪਤਾਲ ਲੈ ਜਾ ਰਹੀ ਸੀ।
ਇਸ ਤੋਂ ਪਹਿਲਾਂ ਅਤੀਕ ਅਹਿਮਦ ਦੇ ਪੁੱਤਰ ਅਸਦ ਅਹਿਮਦ ਨੂੰ ਯੂਪੀ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਹੱਤਿਆ ਨੂੰ ਕੈਮਰੇ 'ਤੇ ਲਾਈਵ ਕੈਦ ਕੀਤਾ ਗਿਆ ਸੀ ਕਿਉਂਕਿ ਉਸ ਦੌਰਾਨ ਮੀਡੀਆ ਵਾਲੇ ਅਤੀਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਦੋਵਾਂ ਦੇ ਕਤਲ ਤੋਂ ਬਾਅਦ ਯੂਪੀ 'ਚ ਧਾਰਾ 144 ਲਾਗੂ ਹੋਣ ਦੇ ਨਾਲ ਹੀ ਕਈ ਥਾਵਾਂ 'ਤੇ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਹਾਲਾਂਕਿ ਸੂਬੇ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਇਸ ਮਾਮਲੇ ਵਿੱਚ 17 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮਾਮਲੇ ਦੀ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਇਹ ਵੀ ਪੜੋ:- ਜਾਣੋ ਕੌਣ ਹਨ ਸੀਐਮ ਯੋਗੀ ਵੱਲੋਂ ਗਠਿਤ ਕਮਿਸ਼ਨ ਦੇ ਮੈਂਬਰ ਜੋ ਮਾਫੀਆ ਅਤੀਕ ਅਹਿਮਦ ਅਤੇ ਅਸ਼ਰਫ ਦੇ ਕਤਲ ਦੀ ਕਰਨਗੇ ਜਾਂਚ