ਮੁੰਬਈ: ਮਹਾਰਾਸ਼ਟਰ 'ਚ ਮੀਂਹ (Rain In Maharashtra) ਇੰਨਾਂ ਦਿਨੀ ਕਹਿਰ ਬਣ ਕੇ ਵਰ੍ਹਿਆ ਹੈ। ਦੇਖਦਿਆ ਹੀ ਦੇਖਦੇ ਹੁਣ ਤੱਕ ਸੈਂਕੜੇ ਜਾਨ ਇਸ ਬਰਸਾਤ ਦੀ ਭੇਂਟ ਚੜ੍ਹ ਚੁੱਕੀਆਂ ਨੇ। ਸੂਬੇ ਚ ਹੁਣ ਤਕ 112 ਲੋਕਾਂ ਦੀ ਮੌਤ ਹੋ ਚੁੱਕੀ ਹੈ, 36 ਲੋਕ ਜ਼ਖਮੀ ਹਨ ਅਤੇ 56 ਲੋਕ ਲਾਪਤਾ ਹਨ। ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਰਾਏਗੜ (Maharashtra) ਹੈ, ਜਿਥੇ ਹੁਣ ਤੱਕ 49 ਵਿਅਕਤੀਆਂ ਦੀ ਵਿੱਚ ਮੌਤ ਹੋ ਚੁੱਕੀ ਹੈ। ਮਲਬੇ ਹੇਠ ਫਸੇ ਲੋਕਾਂ ਦੀ ਜਾਨ ਬਚਾਉਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧੇਗੀ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਰਾਏਗੜ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਰਾਜ ਸਰਕਾਰ ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪੱਕੇ ਤੌਰ ‘ਤੇ ਤਬਦੀਲ ਕਰਨ ਅਤੇ ਉਨ੍ਹਾਂ ਦੇ ਘਰ ਵਾਪਸ ਲਿਆਉਣ ਦੀ ਯੋਜਨਾ ਲੈ ਕੇ ਆਵੇਗੀ। ਰਾਏਗੜ ਜ਼ਿਲ੍ਹੇ ਦੇ ਪਿੰਡ ਤਾਲੀਏ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਪਣੀ ਜਾਨ ਗਵਾਉਣ ਵਾਲਿਆਂ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਠਾਕਰੇ ਭਲਕੇ ਰਤਨਾਗਿਰੀ ਜ਼ਿਲ੍ਹੇ ਦੇ ਚਿਪਲੂਨ ਜਾਣਗੇ। ਬਾਅਦ ਵਿੱਚ ਉਹ ਸਤਾਰਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਤ ਖੇਤਰ ਦਾ ਦੌਰਾ ਕਰਨਗੇ।
ਮ੍ਰਿਤਕਾਂ ਦੇ ਪਰਿਵਾਰ ਲਈ ਸੂਬਾ ਸਰਕਾਰ ਵੱਲੋਂ 5 ਲੱਖ ਅਤੇ ਕੇਂਦਰ ਵੱਲੋਂ 2-2 ਲੱਖ ਦੀ ਮਦਦ ਦਾ ਐਲਾਨ
ਰਾਜ ਸਰਕਾਰ ਪਹਿਲਾਂ ਹੀ ਹੜ੍ਹਾਂ ਅਤੇ ਢਿੱਗਾਂ ਡਿੱਗਣ ਨਾਲ ਮਾਰੇ ਗਏ ਵਿਅਕਤੀਆਂ ਦੇ ਰਿਸ਼ਤੇਦਾਰਾਂ ਨੂੰ 5-5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕਰ ਚੁੱਕੀ ਹੈ, ਜਦੋਂਕਿ ਕੇਂਦਰ ਸਰਕਾਰ ਨੇ ਹਰੇਕ ਪੀੜਤ ਪਰਿਵਾਰ ਨੂੰ 2-2 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਉਧਵ ਠਾਕਰੇ ਮੁਤਾਬਕ ਸਰਕਾਰ ਨੇ ਇਨ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚ ਰਾਸ਼ਨ ਕਿੱਟਾਂ ਵੰਡਣ ਦਾ ਫੈਸਲਾ ਵੀ ਕੀਤਾ ਹੈ।