ਨਵੀਂ ਦਿੱਲੀ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਸ਼ਰਦ ਪਵਾਰ ਨੂੰ ਇੱਕ ਹੋਰ ਝਟਕਾ ਲੱਗਾ ਹੈ। ਨਾਗਾਲੈਂਡ ਵਿੱਚ ਐਨਸੀਪੀ ਦੇ ਸਾਰੇ 7 ਵਿਧਾਇਕਾਂ ਨੇ ਪਾਰਟੀ ਦੇ ਅਜੀਤ ਪਵਾਰ ਧੜੇ ਨੂੰ ਸਮਰਥਨ ਦੇ ਪੱਤਰ ਭੇਜੇ ਹਨ। NCP ਨਾਗਾਲੈਂਡ ਦੇ ਪ੍ਰਧਾਨ ਵਾਂਥੁੰਗੋ ਓਡੂਓ ਨੇ ਪੁਸ਼ਟੀ ਕੀਤੀ ਹੈ ਕਿ ਉੱਤਰ-ਪੂਰਬੀ ਰਾਜ ਦੇ ਸਾਰੇ ਸੱਤ NCP ਵਿਧਾਇਕ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਹੱਕ ਵਿੱਚ ਹਨ। ਵਾਂਥੁੰਗੋ ਓਡੂਓ ਨੇ ਕਿਹਾ ਕਿ ਉਨ੍ਹਾਂ ਵੀਰਵਾਰ ਸਵੇਰੇ ‘ਹਾਈ ਕਮਾਂਡ’ ਨੂੰ ਸਮਰਥਨ ਦੇ ਸਾਰੇ ਕਾਗਜ਼ਾਤ ਸੌਂਪ ਦਿੱਤੇ ਹਨ।
ਇਸ ਮਹੀਨੇ ਦੇ ਸ਼ੁਰੂ ਵਿੱਚ ਐਨਸੀਪੀ ਦੇ ਅਜੀਤ ਪਵਾਰ ਨੇ 8 ਐਨਸੀਪੀ ਵਿਧਾਇਕਾਂ ਨਾਲ ਭਾਜਪਾ-ਸ਼ਿਵ ਸੈਨਾ ਨਾਲ ਹੱਥ ਮਿਲਾਇਆ ਸੀ। ਉਸਦੀ ਸਿਆਸੀ ਚਾਲਾਂ ਨੇ ਉਸਦੇ ਚਾਚਾ ਸ਼ਰਦ ਪਵਾਰ ਦੁਆਰਾ ਸਥਾਪਿਤ ਕੀਤੀ ਪਾਰਟੀ ਨੂੰ ਵੰਡ ਦਿੱਤਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਰਾਜਨੀਤਿਕ ਸਮੀਕਰਨਾਂ ਨੂੰ ਬਦਲ ਦਿੱਤਾ।
ਅਜੀਤ ਪਵਾਰ ਨੇ ਪ੍ਰਫੁੱਲ ਪਟੇਲ, ਛਗਨ ਭੁਜਬਲ ਅਤੇ ਦਿਲੀਪ ਵਾਲਸੇ ਪਾਟਿਲ ਵਰਗੇ ਐਨਸੀਪੀ ਨੇਤਾਵਾਂ ਤੋਂ ਸਮਰਥਨ ਲਿਆ ਹੈ ਅਤੇ ਆਪਣੇ ਧੜੇ ਨੂੰ 'ਅਸਲੀ ਐਨਸੀਪੀ' ਹੋਣ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਸ਼ਰਦ ਪਵਾਰ ਨੇ ਵੀ ਕਈ ਨੇਤਾਵਾਂ ਨੂੰ ਕੱਢ ਕੇ ਖੁਦ ਨੂੰ ਪਾਰਟੀ ਦਾ ਮੁਖੀ ਹੋਣ ਦਾ ਦਾਅਵਾ ਕੀਤਾ ਹੈ।
ਇਹ ਆਗੂ ਬਣੇ ਸੀ ਮੰਤਰੀ: ਮਹਾਰਾਸ਼ਟਰ ਸਰਕਾਰ ਵਿੱਚ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਦੇ ਨਾਲ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨਾਲ ਸਰਕਾਰ ਵਿੱਚ ਮੰਤਰੀ ਵਜੋਂ ਸ਼ਾਮਲ ਹੋਣ ਵਾਲੇ ਛਗਨ ਭੁਜਬਲ ਨੂੰ ਖੁਰਾਕ ਸਿਵਲ ਸਪਲਾਈ, ਦਲੀਪ ਵਾਲਸੇ ਪਾਟਿਲ ਨੂੰ ਸਹਿਕਾਰਤਾ ਮੰਤਰੀ ਅਤੇ ਹਸਨ ਮੁਸ਼ਰਿਫ ਨੂੰ ਮੈਡੀਕਲ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਅਜੀਤ ਪਵਾਰ ਦਾ ਇਹ ਕਦਮ ਉਸੇ ਤਰ੍ਹਾਂ ਆਇਆ ਹੈ, ਜਦੋਂ ਪਿਛਲੇ ਸਾਲ ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ ਨੂੰ ਤੋੜ ਦਿੱਤਾ ਸੀ ਅਤੇ ਭਾਜਪਾ ਨਾਲ ਹੱਥ ਮਿਲਾਇਆ ਸੀ। ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਸੀ ਅਤੇ ਆਪਣੇ ਲਈ ਮੁੱਖ ਮੰਤਰੀ ਦਾ ਅਹੁਦਾ ਸੁਰੱਖਿਅਤ ਕਰ ਲਿਆ ਸੀ। (ਏਐਨਆਈ)