ਮਦੁਰਾਈ/ਤਾਮਿਲਨਾਡੂ: ਮਦਰਾਸ ਹਾਈ ਕੋਰਟ ਦੀ ਮਦੁਰਾਈ ਬੈਂਚ ਨੇ ਗੈਂਗਰੇਪ ਮਾਮਲੇ 'ਚ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਹੈ। ਹੇਠਲੀ ਅਦਾਲਤ ਨੇ ਦਿੱਲੀ ਦੀ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ 4 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਦੋਸ਼ੀਆਂ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਮਦੁਰਾਈ ਹਾਈ ਕੋਰਟ ਦੀ ਬੈਂਚ 'ਚ ਚੁਣੌਤੀ ਦਿੱਤੀ ਸੀ।
ਮਾਮੂਲੀ ਬਹਿਸ ਤੋਂ ਬਾਅਦ ਆਟੋ ਵਾਲੇ ਨੇ ਲੜਕੀ ਨੂੰ ਆਟੋ ਚੋਂ ਉਤਾਰਿਆ: ਦੱਸ ਦੇਈਏ ਕਿ ਸਾਲ 2018 'ਚ ਦਿੱਲੀ ਤੋਂ ਕੁੰਭਕੋਨਮ ਆਈ ਮਹਿਲਾ ਬੈਂਕ ਕਰਮਚਾਰੀ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਘਟਨਾ ਮੁਤਾਬਕ, ਦਿੱਲੀ ਦੀ ਰਹਿਣ ਵਾਲੀ 27 ਸਾਲਾ ਲੜਕੀ ਨੇ ਸਾਲ 2018 'ਚ ਕੁੰਭਕੋਨਮ ਬੈਂਕ 'ਚ ਨੌਕਰੀ ਲਈ ਜੁਆਇਨ ਕੀਤਾ। 2018 ਵਿੱਚ ਉਹ ਟ੍ਰੇਨ ਰਾਹੀਂ ਚੇਨਈ ਤੋਂ ਕੁੰਭਕੋਨਮ ਪਹੁੰਚੀ। ਅੱਧੀ ਰਾਤ ਹੋਣ ਕਰਕੇ ਹੋਟਲ ਜਾਣ ਲਈ ਉਸ ਨੇ ਆਟੋ ਬੁੱਕ ਕਰਵਾ ਲਿਆ। ਇਸ ਤੋਂ ਬਾਅਦ ਆਟੋ ਚਾਲਕ ਗੁਰੂਮੂਰਤੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਕਾਰਨ ਆਟੋ ਚਾਲਕ ਨੇ ਲੜਕੀ ਨੂੰ ਹੋਟਲ 'ਚ ਉਤਾਰਨ ਦੀ ਬਜਾਏ ਰਸਤੇ 'ਚ ਹੀ ਉਤਾਰ ਦਿੱਤਾ।
ਪੈਦਲ ਜਾ ਰਹੀ ਲੜਕੀ ਨੂੰ ਅਗਵਾ ਕਰ ਕੀਤਾ ਜਬਰ ਜਨਾਹ : ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੜਕ 'ਤੇ ਪੈਦਲ ਜਾ ਰਹੀ ਲੜਕੀ ਨੂੰ ਵਸੰਤ ਕੁਮਾਰ ਅਤੇ ਦਿਨੇਸ਼ ਕੁਮਾਰ ਨੇ ਦੋਪਹੀਆ ਵਾਹਨ ਉੱਤੇ ਅਗਵਾ ਕਰ ਲਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਦੋਹਾਂ ਨੇ ਆਪਣੇ ਦੋਸਤਾਂ ਪੁਰਸ਼ੋਤਮਨ ਅਤੇ ਅੰਬਾਰਾਸੂ ਨੂੰ ਬੁਲਾਇਆ ਅਤੇ ਵਾਰੀ-ਵਾਰੀ ਲੜਕੀ ਨਾਲ ਬਲਾਤਕਾਰ ਕੀਤਾ।
ਆਟੋ ਡਰਾਈਵਰ ਨੂੰ ਵੀ ਹੋਈ ਸਜ਼ਾ : ਪੀੜਤਾ ਦੀ ਸ਼ਿਕਾਇਤ 'ਤੇ ਤੰਜਾਵੁਰ ਪੱਛਮੀ ਪੁਲਿਸ ਨੇ ਦਿਨੇਸ਼ ਕੁਮਾਰ, ਵਸੰਤਕੁਮਾਰ, ਪੁਰਸ਼ੋਤਮ, ਅੰਬਾਰਾਸੂ ਅਤੇ ਆਟੋ ਚਾਲਕ ਗੁਰੂਮੂਰਤੀ ਨੂੰ ਗ੍ਰਿਫਤਾਰ ਕੀਤਾ। ਮਾਮਲੇ ਦੀ ਸੁਣਵਾਈ ਕਰਨ ਵਾਲੀ ਤੰਜਾਵੁਰ ਮਹਿਲਾ ਅਦਾਲਤ ਨੇ 4 ਦੋਸ਼ੀਆਂ (ਦਿਨੇਸ਼ ਕੁਮਾਰ, ਵਸੰਤਕੁਮਾਰ, ਪੁਰਸ਼ੋਤਮ ਅਤੇ ਅੰਬਾਰਾਸੂ) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਆਟੋ ਚਾਲਕ ਗੁਰੂਮੂਰਤੀ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਸਾਰੇ ਦੋਸ਼ੀਆਂ ਨੇ ਹੇਠਲੀ ਅਦਾਲਤ ਦੇ ਇਸ ਫੈਸਲੇ ਦੇ ਖਿਲਾਫ ਮਦਰਾਸ ਹਾਈ ਕੋਰਟ ਦੀ ਮਦੁਰਾਈ ਸ਼ਾਖਾ ਵਿੱਚ ਅਪੀਲ ਕੀਤੀ। ਜਸਟਿਸ ਜੈਚੰਦਰਨ ਅਤੇ ਰਾਮਕ੍ਰਿਸ਼ਨਨ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ। ਹਾਈ ਕੋਰਟ ਨੇ ਅਪੀਲ ਖਾਰਜ ਕਰਦਿਆਂ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਨਾਲ ਹੀ, ਕਿਉਂਕਿ ਆਟੋ ਚਾਲਕ ਗੁਰੂਮੂਰਤੀ ਕਿਸੇ ਗੰਭੀਰ ਅਪਰਾਧ ਵਿੱਚ ਸ਼ਾਮਲ ਨਹੀਂ ਸੀ, ਇਸ ਲਈ ਉਸ ਦੀ 7 ਸਾਲ ਦੀ ਸਜ਼ਾ ਨੂੰ ਘਟਾ ਕੇ 3 ਸਾਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: CBSE Board Exam: ਹੋਲੀ ਤੋਂ ਪਹਿਲਾਂ ਦਸਵੀਂ ਤੇ ਬਾਰ੍ਹਵੀਂ ਦੇ ਇਨ੍ਹਾਂ ਵਿਸ਼ਿਆਂ ਦੀ ਹੋਵੇਗੀ ਪ੍ਰੀਖਿਆ