ਕਰਨਾਲ: ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜਮਾਨਤ ਮਿਲਦੇ ਤੋਂ ਬਾਅਦ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਕਰਨਾਲ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਦੇਰ ਸ਼ਾਮ ਨੌਦੀਪ ਕੌਰ ਜੇਲ੍ਹ ਤੋਂ ਬਾਹਰ ਆਈ ਹੈ। ਇਸ ਦੌਰਾਨ ਕਰਨਾਲ ਜੇਲ੍ਹ ਤੋਂ ਬਾਹਰ ਨਿਕਲਦੇ ਹੋਏ ਈਟੀਵੀ ਭਾਰਤ ਨੇ ਨੌਦੀਪ ਕੌਰ ਨਾਲ ਗੱਲਬਾਤ ਕੀਤੀ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਨੌਦੀਪ ਕੌਰ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਜੇਲ੍ਹ ਵਿੱਚ ਮੇਰੇ ਨਾਲ ਮਾੜਾ ਸਲੂਕ ਨਹੀਂ ਕੀਤਾ। ਪਰ ਮੇਰੇ ਸਾਥੀ ਸ਼ਿਵ ਕੁਮਾਰ ਦੇ ਉੱਪਰ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਨੇ ਕਾਫ਼ੀ ਮਾੜਾ ਸਲੂਕ ਹੋ ਰਿਹਾ ਹੈ। ਹੁਣ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਸ਼ਿਵ ਕੁਮਾਰ ਨੂੰ ਜਮਾਨਤ ਦਵਾਈ ਜਾਵੇ।
ਨੌਦੀਪ ਕੌਰ ਨੇ ਅੱਗੇ ਕਿਹਾ ਕਿ ਫਿਲਹਾਲ ਉਹ ਜ਼ਿਆਦਾ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹਨ। ਹੁਣ ਉਹ ਵਕੀਲ ਨਾਲ ਗੱਲ ਕਰੇਗੀ, ਜਿਸ ਤੋਂ ਬਾਅਦ ਉਹ ਇੱਕ ਪ੍ਰੈਸ ਕਾਨਫਰੰਸ ਵਿੱਚ ਸਾਰਿਆਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦੇਵੇਗੀ। ਉਸ ਨੇ ਕਿਹਾ ਕਿ ਜਿਸ ਦਿਨ ਮੈਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਦਿਨ ਕੁੰਡਲੀ ਬਾਰਡਰ 'ਤੇ ਮੌਜੂਦ ਹੀ ਨਹੀਂ ਸੀ। ਉਸ ਨੇ ਕਿਹਾ ਕਿ ਮੇਰੇ ਉੱਤੇ ਲੱਗੇ ਸਾਰੇ ਦੋਸ਼ ਝੂਠੇ ਹਨ।