ਚੰਡੀਗੜ੍ਹ: ਕਿਸਾਨੀ ਅੰਦੋਲਨ ਸਿਖਰਾਂ 'ਤੇ ਪਹੁੰਚਿਆ ਹੋਇਆ ਹੈ। ਪੰਜਾਬ ਤੋਂ ਸ਼ੁਰੂ ਹੋਏ ਇਸ ਅੰਦੋਲਨ ਦੀ ਪੂਰੀ ਦੁਨੀਆਂ 'ਚ ਚਰਚਾ ਹੋ ਰਹੀ ਹੈ। ਦੱਸ ਦਈਏ ਕਿਸਾਨੀ ਅੰਦੋਲਨ ਨੂੰ ਅੱਜ 300 ਦਿਨ ਪੂਰੇ ਹੋ ਗਏ। ਜਦੋਂ ਕਿਸਾਨਾਂ ਵੱਲੋਂ ਇਸ ਅੰਦੋਲਨ ਦੀ ਕਾਲ ਦਿੱਤੀ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਇਕੱਠੇ ਹੋਕੇ ਦਿੱਲੀ ਨੂੰ ਕੂਚ ਕੀਤਾ ਸੀ ਹਾਲਾਂਕਿ ਰਾਸਤੇ ਵਿੱਚ ਅੰਨਦਾਤਾ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੋਲੀ-ਹੋਲੀ ਕਿਸਾਨਾਂ ਦੇ ਬੁਲੰਦ ਹੌਂਸਲਿਆਂ ਨੇ ਦਿੱਲੀ ਤੱਕ ਮਾਰ ਕਰ ਦਿੱਤੀ ਤੇ ਦਿੱਲੀ ਦੀਆਂ ਬਰੂਹਾਂ 'ਤੇ ਪੱਕੇ ਡੇਰੇ ਲਗਾ ਲਏ।
ਇਸ ਅੰਦੋਲਨ ਦੌਰਾਨ ਕਿਸਾਨਾਂ ਨੂੰ ਕਈ ਦੁੱਖ, ਤਕਲੀਫ਼ਾਂ ਅਤੇ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਅੰਨਦਾਤਾ ਨੇ ਹਾਰ ਨਹੀਂ ਮੰਨੀ ਤੇ ਅੱਜ ਕਿਸਾਨੀ ਅੰਦੋਲਨ ਨੂੰ 300 ਦਿਨ ਪੂਰੇ ਹੋ ਗਏ।
ਕੀ ਹਨ ਕਿਸਾਨਾਂ ਦੀਆਂ ਮੰਗਾਂ?
ਕਿਸਾਨ ਲਗਾਤਾਰ ਇੱਕੋ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੇ ਐੱਮਐੱਸਪੀ 'ਤੇ ਗਾਰੰਟੀ ਦਿੱਤੀ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਤਾਂ ਘਰ ਵਾਪਸੀ ਨਹੀਂ
ਕਿੰਨੀ ਵਾਰ ਹੋਈ ਕੇਂਦਰ ਨਾਲ ਮੀਟਿੰਗ?
ਕਿਸਾਨਾਂ ਦੀ ਕੇਂਦਰ ਨਾਲ ਦੀ 11 ਦੌਰ ਦੀ ਮੀਟੰਗਾਂ ਹੋ ਗਈਆਂ ਪਰ ਕਿਸਾਨ ਇੱਕੋ ਗੱਲ 'ਤੇ ਅੜੇ ਰਹੇ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਨਵਾਂ ਪ੍ਰਸਤਾਵ ਲਿਆਉਣ ਲਈ ਕਿਹਾ ਗਿਆ ਪਰ ਕਿਸਾਨਾਂ ਨੇ ਆਪਣੀ ਅੜੀ ਨਹੀਂ ਛੱਡੀ।
ਕਿਸਾਨਾਂ ਦੀਆਂ ਸ਼ਹੀਦੀਆਂ
ਇਸ ਅੰਦੋਲਨ ਦੌਰਾਨ 600 ਤੋਂ ਵੱਧ ਕਿਸਾਨਾਂ ਦੀਆਂ ਸ਼ਹੀਦੀਆਂ ਹੋ ਗਈਆਂ, ਕਿਸਾਨਾਂ ਵੱਲੋਂ ਕਿਹਾ ਗਿਆ ਸੀ ਕਿ ਜੋ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਹਨ ਓਹਨਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇ।
ਸਿਆਸਤਦਾਨਾਂ ਦਾ ਵਿਰੋਧ
ਕਿਸਾਨਾਂ ਵੱਲੋਂ ਲਗਾਤਾਰ ਭਾਾਜਪਾ ਨੂੰ ਘੇਰਿਆ ਜਾ ਰਿਹਾ ਹੈ ਪੰਜਾਬ ਚ ਜਿੱਥੇ ਵੀ ਭਾਜਪਾ ਲੀਡਰ ਆਪਣਾ ਕੋਈ ਪ੍ਰੋਗਰਾਮ ਕਰਦਾ ਤਾਂ ਉਸਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨ ਬਜਿੱਦ ਹਨ ਤੇ ਸਰਕਾਰ ਵੀ ਆਪਣੇ ਫੈਸਲੇ 'ਤੇ ਬਰਕਰਾਰ ਹੈ। ਕਿਸਾਨਾਂ ਦਾ ਨਾਅਰਾ ਹੈ ਕਿ ਜੋ ਕਿਸਾਨਾਂ ਨਾਲ ਖੜੇਗਾ ਓਹੀ ਪਿੰਡਾਂਚ ਵੜੇਗਾ। ਦੇਖਣਾ ਹੋਵੇਗਾ ਕਿ ਕਦੋਂ ਤੱਕ ਕਿਸਾਨਾਂ ਨੂੰ ਸੜਕਾਂ 'ਤੇ ਬੈਠਣਾ ਪਵੇਗਾ।
ਇਹ ਵੀ ਪੜ੍ਹੋ: ਕਿਸੇ ਵੀ ਸਿੱਖ ਨੂੰ ਦੇਸ਼ ਵਿਰੋਧੀ ਤੇ ਖਾਲੀਸਤਾਨੀ ਨਾ ਕਿਹਾ ਜਾਵੇ: ਹਰਦੀਪ ਪੁਰੀ