ਸ੍ਰੀਨਗਰ: ਸ੍ਰੀਨਗਰ 'ਚ ਸਿੱਖ ਕੁੜੀਆਂ ਨੂੰ ਜਬਰੀ ਅਗਵਾ ਕਰਕੇ ਵਿਆਹ ਕਰਨ ਅਤੇ ਉਨ੍ਹਾਂ ਦੇ ਧਰਮ ਪਰਿਵਰਤਨ ਮਾਮਲੇ ਨੂੰ ਲੈਕੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਵਲੋਂ ਜੰਮੂ ਕਸ਼ਮੀਰ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਗਈ। ਇਸ 'ਚ ਗਵਰਨਰ ਵਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਜੋ ਲੜਕੀ ਅਗਵਾ ਹੋਈ ਹੈ, ਉਸ ਨੂੰ ਘਰ ਵਾਪਸ ਲਿਆਉਂਦਾ ਜਾਵੇਗਾ, ਜਿਸ ਨੂੰ ਲੈਕੇ ਉਨ੍ਹਾਂ ਗਵਰਨਰ ਦਾ ਧੰਨਵਾਦ ਕੀਤਾ।
ਇਸ ਮੌਕੇ ਮਨਜਿੰਦਰ ਸਿਰਸਾ ਨੇ ਕਿਹਾ ਕਿ ਸਿੱਖ ਕੁੜੀਆਂ ਦੀ ਸੁਰੱਖਿਆ ਅਤੇ ਧਰਮ ਪਰਿਵਰਤਨ ਦੇ ਇਸ ਨੁਕਸਾਨਦੇਹ ਰੁਝਾਨ ਨਾਲ ਜੁੜੀਆਂ ਸਾਡੀਆਂ ਚਿੰਤਾਵਾਂ ਦਾ ਨਿਪਟਾਰਾਂ ਕਰਨ ਦਾ ਉਨ੍ਹਾਂ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਅੰਤਰ-ਧਰਮ ਕਾਨੂੰਨ ਬਣਾਉਣ ਦੀ ਮੰਗ ਵੀ ਜ਼ਾਹਰ ਕੀਤੀ ਜਿਸ 'ਚ ਮਾਪਿਆਂ ਦੀ ਮਨਜ਼ੂਰੀ ਜ਼ਰੂਰੀ ਹੋਵੇਗੀ। ਸਿਰਸਾ ਨੇ ਕਿਹਾ ਕਿ ਉਨ੍ਹਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਪੱਤਰ ਵੀ ਦਿੱਤਾ ਗਿਆ।
ਮਨਜਿੰਦਰ ਸਿਰਸਾ ਨੇ ਕਿਹਾ ਕਿ ਗਵਰਨਰ ਵਲੋਂ ਘੱਟ ਗਿਣਤੀ ਸਿੱਖਾਂ ਦੇ ਮਸਲਿਆਂ ਦੇ ਹੱਲ ਲਈ ਸੂਬੇ ਵਿੱਚ ਇੱਕ ਘੱਟਗਿਣਤੀ ਕਮਿਸ਼ਨ ਸਥਾਪਤ ਕਰਨ ‘ਤੇ ਵੀ ਸਹਿਮਤੀ ਜਤਾਈ ਹੈ। ਉਨ੍ਹਾਂ ਗਵਰਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਇਸ ਮਾਮਲੇ 'ਚ ਪਹਿਲ ਦੇ ਅਧਾਰ 'ਤੇ ਗੰਭੀਰਤਾ ਨਾਲ ਕਾਰਵਾਈ ਦਾ ਭੋਰਸਾ ਦਿੱਤਾ ਹੈ।