ਕੋਚੀ : ਕੇਰਲ ਪੁਲਿਸ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਆਤਮਘਾਤੀ ਹਮਲੇ ਦੀ ਧਮਕੀ ਵਾਲੀ ਚਿੱਠੀ ਭੇਜਣ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਧਾਨ ਮੰਤਰੀ 24 ਅਤੇ 25 ਅਪ੍ਰੈਲ ਨੂੰ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਸੂਬੇ ਦਾ ਦੌਰਾ ਕਰਨਗੇ। ਪੁਲਸ ਨੇ ਦੱਸਿਆ ਕਿ ਕੋਚੀ ਦੇ ਰਹਿਣ ਵਾਲੇ ਜ਼ੇਵੀਅਰ ਨੂੰ ਇਕ ਹੋਰ ਵਿਅਕਤੀ ਦੇ ਨਾਂ 'ਤੇ ਧਮਕੀ ਭਰੀ ਚਿੱਠੀ ਲਿਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ।
ਸਿਟੀ ਪੁਲਿਸ ਕਮਿਸ਼ਨਰ ਕੇ ਸੇਤੂ ਰਮਨ ਨੇ ਕਿਹਾ, 'ਅਸੀਂ ਮਾਮਲੇ ਦੀ ਵਿਗਿਆਨਕ ਜਾਂਚ ਤੋਂ ਬਾਅਦ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਨਿੱਜੀ ਬਦਲਾਖੋਰੀ ਦਾ ਮਾਮਲਾ ਹੈ। ਉਹ ਚਾਹੁੰਦਾ ਸੀ ਕਿ ਚਿੱਠੀ ਵਿਚ ਜ਼ਿਕਰ ਕੀਤੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਵੇ। ਕੋਚੀ ਨਿਵਾਸੀ ਐੱਨ ਜੇ ਜੌਨੀ ਦੇ ਨਾਂ ਮਲਿਆਲਮ ਭਾਸ਼ਾ 'ਚ ਲਿਖਿਆ ਇਹ ਪੱਤਰ ਭਾਰਤੀ ਜਨਤਾ ਪਾਰਟੀ ਦੀ ਕੇਰਲ ਇਕਾਈ ਦੇ ਪ੍ਰਧਾਨ ਕੇ. ਸੁਰੇਂਦਰਨ ਦੇ ਦਫਤਰ ਅਤੇ ਬਾਅਦ ਵਿਚ ਪੱਤਰ ਪਿਛਲੇ ਹਫਤੇ ਪੁਲਸ ਨੂੰ ਸੌਂਪਿਆ ਗਿਆ ਸੀ।ਇਸ ਪੱਤਰ ਦੀ ਖਬਰ ਸ਼ਨੀਵਾਰ ਨੂੰ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਇਕ ਰਿਪੋਰਟ ਮੀਡੀਆ ਵਿਚ ਪ੍ਰਸਾਰਿਤ ਹੋਣ ਤੋਂ ਬਾਅਦ ਸਾਹਮਣੇ ਆਈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੁਰੇਂਦਰਨ ਨੇ ਮੀਡੀਆ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਇੱਕ ਹਫ਼ਤਾ ਪਹਿਲਾਂ ਸੂਬੇ ਦੇ ਪੁਲਿਸ ਮੁਖੀ ਨੂੰ ਧਮਕੀ ਭਰਿਆ ਪੱਤਰ ਸੌਂਪਿਆ ਸੀ। ਜੌਨੀ ਨੇ ਕੱਲ੍ਹ ਮੀਡੀਆ ਨਾਲ ਮੁਲਾਕਾਤ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਉਹ ਬੇਕਸੂਰ ਹੈ। ਉਸ ਨੇ ਕਿਹਾ ਕਿ ਪੁਲਿਸ ਨੇ ਮੇਰੇ ਤੋਂ ਪੁੱਛਗਿੱਛ ਕੀਤੀ ਹੈ। ਮੈਂ ਉਨ੍ਹਾਂ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਨੇ ਲਿਖਤ ਅਤੇ ਹਰ ਚੀਜ਼ ਦੀ ਜਾਂਚ ਕੀਤੀ ਹੈ।
ਇਹ ਵੀ ਪੜ੍ਹੋ : DCW Issues Notice: ਮਹਿਲਾ ਰੈਸਲਰ ਦੀ ਸ਼ਿਕਾਇਤ 'ਤੇ FIR ਦਰਜ ਨਾ ਕਰਨ 'ਤੇ ਦਿੱਲੀ ਪੁਲਿਸ ਨੂੰ ਨੋਟਿਸ
ਉਸਦੇ ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਲਾਕੇ ਦੇ ਇਕ ਹੋਰ ਵਿਅਕਤੀ 'ਤੇ ਸ਼ੱਕ ਸੀ, ਜਿਸਦਾ ਇਕ ਚਰਚ ਨਾਲ ਜੁੜੇ ਕਿਸੇ ਮਾਮਲੇ ਨੂੰ ਲੈ ਕੇ ਉਨ੍ਹਾਂ ਨਾਲ ਕੁਝ ਮਤਭੇਦ ਸਨ। ਪੁਲਿਸ ਨੇ ਦੱਸਿਆ ਕਿ ਜ਼ੇਵੀਅਰ ਦੀ ਜੌਨੀ ਨਾਲ ਕੁਝ ਨਿੱਜੀ ਦੁਸ਼ਮਣੀ ਸੀ ਅਤੇ ਉਸ ਨੇ ਉਸ ਨੂੰ ਫਸਾਉਣ ਲਈ ਇਹ ਚਿੱਠੀ ਲਿਖੀ ਸੀ। ਇਸ ਦੌਰਾਨ ਕਮਿਸ਼ਨਰ ਸੇਤੂ ਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ ਕੋਚੀ ਸ਼ਹਿਰ ਵਿੱਚ 2,060 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।