ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਦਿੱਲੀ ਪੁਲਿਸ ਨੂੰ ਪੁੱਛਿਆ ਹੈ ਕਿ ਕੀ ਕਿਸੇ ਭਾਰਤੀ ਨਾਗਰਿਕ ਨੂੰ ਤਬਲੀਗੀ ਜਮਾਤ ਦੇ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਘਰ ’ਚ ਰੱਖਣ ਦੀ ਮਨਾਹੀ ਹੈ ਜੋ ਇੱਕ ਵੈਧ ਪਾਸਪੋਰਟ ਰਾਹੀਂ ਭਾਰਤ ਆਏ ਸੀ। ਜਸਟਿਸ ਮੁਕਤਾ ਗੁਪਤਾ ਨੇ ਤਬਲੀਗੀ ਜਮਾਤ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਲੋਕਾਂ ਦੇ ਮਾਮਲੇ ਦੀ ਸੁਣਵਾਈ ਦੌਰਾਨ ਦਿੱਲੀ ਪੁਲਿਸ ਨੂੰ ਇਹ ਸਵਾਲ ਪੁੱਛਿਆ। ਮਾਮਲੇ ਦੀ ਅਗਲੀ ਸੁਣਵਾਈ 4 ਜਨਵਰੀ 2022 ਨੂੰ ਹੋਵੇਗੀ।
ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਲੌਕਡਾਊਨ ਲਗਾਇਆ ਗਿਆ ਤਾਂ ਸਾਰੇ ਲੋਕ ਰੁਕ ਗਏ ਪਰ ਤਬਲੀਗੀ ਜਮਾਤ ਦੇ ਦੋਸ਼ੀ ਪਾਬੰਦੀਸ਼ੁਦਾ ਇਲਾਕਿਆਂ 'ਚ ਜਾਂਦੇ ਰਹੇ। ਸੁਣਵਾਈ ਦੌਰਾਨ ਪਟੀਸ਼ਨਰਾਂ ਵੱਲੋਂ ਪੇਸ਼ ਹੋਏ ਵਕੀਲ ਆਸ਼ਿਮਾ ਮੰਡਲਾ ਨੇ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਐਫਆਈਆਰ ਨੰਬਰ 63/2020 ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਜਦਕਿ ਇਸੇ ਤਰ੍ਹਾਂ ਦੇ ਦੋਸ਼ਾਂ ਲਈ ਕ੍ਰਾਈਮ ਬ੍ਰਾਂਚ ਵੱਲੋਂ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ।
ਇਸ 'ਤੇ ਅਦਾਲਤ ਨੇ ਦਿੱਲੀ ਪੁਲਿਸ ਵੱਲੋਂ ਪੇਸ਼ ਹੋਏ ਵਕੀਲ ਨੂੰ ਪੁੱਛਿਆ ਕਿ ਇੱਕੋ ਦੋਸ਼ ਲਈ ਦੋ ਐਫਆਈਆਰ ਕਿਵੇਂ ਦਰਜ ਕੀਤੀਆਂ ਜਾ ਸਕਦੀਆਂ ਹਨ। ਕੀ ਇਹ ਕਾਨੂੰਨ ਵਿਚ ਸੰਭਵ ਹੈ? ਫਿਰ ਦਿੱਲੀ ਪੁਲਿਸ ਨੇ ਕਿਹਾ ਕਿ ਇਸ ਦਾ ਅਪਰਾਧ ਸ਼ਾਖਾ ਦੀ ਚਾਰਜਸ਼ੀਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਫਿਰ ਅਦਾਲਤ ਨੇ ਕਿਹਾ ਕਿ ਰਿਸ਼ਤਾ ਨਾ ਹੋਣ ਦਾ ਕੀ ਮਤਲਬ ਹੈ। ਕੀ ਇੱਕੋ ਦੋਸ਼ਾਂ ਲਈ ਦੋ ਵਾਰ ਚਾਰਜਸ਼ੀਟ ਦਾਇਰ ਕੀਤੀ ਜਾ ਸਕਦੀ ਹੈ? ਅਜਿਹਾ ਨਹੀਂ ਹੁੰਦਾ। ਤੁਸੀਂ ਅਦਾਲਤ ਨੂੰ ਅੱਧ-ਪਚੱਧੀ ਜਾਣਕਾਰੀ ਦੇ ਰਹੇ ਹੋ।
ਅਦਾਲਤ ਨੇ ਦਿੱਲੀ ਪੁਲਿਸ ਨੂੰ ਇਸ ਗੱਲ ਲਈ ਫਟਕਾਰ ਲਗਾਈ ਕਿ ਇਸ ਮਾਮਲੇ ਵਿੱਚ ਕੋਈ ਜਾਂਚ ਨਹੀਂ ਕੀਤੀ ਗਈ ਹੈ। 12 ਨਵੰਬਰ ਨੂੰ ਅਦਾਲਤ ਨੇ ਦਿੱਲੀ ਪੁਲਿਸ ਨੂੰ ਪੁੱਛਿਆ ਸੀ ਕਿ ਨਿਜ਼ਾਮੂਦੀਨ ਮਰਕਜ਼ ਵਿਖੇ ਤਬਲੀਗੀ ਜਮਾਤ ਦੇ ਠਹਿਰਾਅ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੁਆਰਾ ਕਿਹੜੇ ਆਦੇਸ਼ ਜਾਂ ਨੋਟੀਫਿਕੇਸ਼ਨ ਦੀ ਉਲੰਘਣਾ ਕੀਤੀ ਗਈ ਸੀ। ਨਾਲ ਹੀ, ਅਦਾਲਤ ਨੇ ਕਿਹਾ ਸੀ ਕਿ ਲੌਕਡਾਊਨ ਲਾਗੂ ਹੋਣ 'ਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਸੀ। ਉਸ ਸਮੇਂ ਕੋਈ ਆਪਣਾ ਠਿਕਾਣਾ ਕਿਵੇਂ ਬਦਲ ਸਕਦਾ ਹੈ?
ਅਜਿਹੇ ਹਾਲਾਤ ਵਿੱਚ ਕਿਹੜੇ ਹੁਕਮਾਂ ਦੀ ਉਲੰਘਣਾ ਹੋਈ ਹੈ? ਸੁਣਵਾਈ ਦੌਰਾਨ ਆਸ਼ੀਮਾ ਮੰਡਲਾ ਨੇ ਕਿਹਾ ਸੀ ਕਿ ਦਿੱਲੀ ਪੁਲਿਸ ਵੱਲੋਂ ਦਰਜ ਐਫਆਈਆਰ ਵਿੱਚ ਸਿਰਫ਼ ਇਹ ਕਿਹਾ ਗਿਆ ਹੈ ਕਿ ਦੋਸ਼ੀ ਨਿਜ਼ਾਮੂਦੀਨ ਮਰਕਜ਼ ਵਿੱਚ ਰਹਿੰਦਾ ਸੀ, ਪਰ ਦਿੱਲੀ ਪੁਲਿਸ ਨੇ ਇਹ ਨਹੀਂ ਕਿਹਾ ਕਿ ਉੱਥੇ ਧਾਰਮਿਕ ਸਮਾਗਮ ਹੋ ਰਹੇ ਸੀ।
ਮੰਡਲਾ ਨੇ ਕਿਹਾ ਸੀ ਕਿ ਦੋਸ਼ੀਆਂ 'ਤੇ ਦੋਸ਼ ਲੱਗੇ ਹਨ ਕਿ ਉਹ ਕੋਰੋਨਾ ਦੀ ਬੀਮਾਰੀ ਫੈਲਾ ਰਹੇ ਹਨ, ਪਰ ਇਹ ਦੋਸ਼ ਉਸ ਸਮੇਂ ਸਾਬਤ ਹੋਵੇਗਾ ਜਦੋਂ ਪਤਾ ਲੱਗੇਗਾ ਕਿ ਦੋਸ਼ੀ ਕੋਰੋਨਾ ਨਾਲ ਸੰਕਰਮਿਤ ਸਨ, ਪਰ ਅਜਿਹਾ ਕੋਈ ਤੱਥ ਨਹੀਂ ਹੈ। ਮੰਡਲਾ ਨੇ ਵੱਖ-ਵੱਖ ਐਫਆਈਆਰਜ਼ ਦਾ ਜ਼ਿਕਰ ਕੀਤਾ ਸੀ ਜਿਸ ਵਿੱਚ ਕੁਝ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਤਬਲੀਗੀ ਜਮਾਤ ਦੇ ਮੈਂਬਰਾਂ ਨੂੰ ਪਨਾਹ ਦਿੱਤੀ ਸੀ।
ਤਬਲੀਗੀ ਜਮਾਤ ਦੇ ਮੁਤਾਬਕ ਮਰਕਜ਼ 'ਚ ਔਰਤਾਂ ਨੂੰ ਰਹਿਣ ਦੀ ਇਜਾਜ਼ਤ ਨਹੀਂ ਹੈ। ਇਸ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੀਆਂ ਔਰਤਾਂ ਨਿੱਜੀ ਘਰਾਂ ਵਿੱਚ ਰਹਿੰਦੀਆਂ ਸੀ। ਦੱਸ ਦਈਏ ਕਿ ਮਾਰਚ 2020 ਵਿੱਚ ਨਿਜ਼ਾਮੂਦੀਨ ਦੇ ਮਰਕਜ਼ ਵਿੱਚ ਹੋਏ ਪ੍ਰੋਗਰਾਮ ਵਿੱਚ ਤਬਲੀਗੀ ਜਮਾਤ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਤਬਲੀਗੀ ਜਮਾਤ ਦੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਕਈ ਕੁਆਰੰਟੀਨ ਸੈਂਟਰਾਂ 'ਚ ਭੇਜ ਦਿੱਤਾ।
ਇਹ ਵੀ ਪੜੋ: ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਨੇ ਬਦਲਿਆ ਧਰਮ