ਹੈਦਰਾਬਾਦ : ਹਰ ਸਾਲ 23 ਜੂਨ ਨੂੰ ਅੰਤਰਰਾਸ਼ਟਰੀ ਓਲੰਪਿਕ ਦਿਵਸ (International Olympic Day) ਮਨਾਇਆ ਜਾਂਦਾ ਹੈ। ਇਹ ਓਲੰਪਿਕ ਦੇ ਵਿਚਾਰ ਨੂੰ ਉਤਸ਼ਾਹਤ ਕਰਨ ਲਈ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਓਲੰਪਿਕ ਦਿਵਸ 23 ਜੂਨ 1948 ਨੂੰ ਸ਼ੁਰੂ ਹੋਇਆ ਸੀ, ਪਰ ਇਸ ਤੋਂ ਪਹਿਲਾਂ ਹੀ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਸੀ।
ਅੰਤਰਰਾਸ਼ਟਰੀ ਓਲੰਪਿਕ ਦਿਵਸ ਦਾ ਇਤਿਹਾਸ
ਰਾਸ਼ਟਰੀ ਓਲੰਪਿਕ ਕਮੇਟੀ (ਐਨਓਸੀ) ਰਾਹੀਂ 23 ਜੂਨ ਸਾਲ 1894 ਨੂੰ ਪੈਰਿਸ ਦੇ ਸੋਰਬਨੇ ਵਿਖੇ ਸਥਾਪਤ ਅੰਤਰ ਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੀ ਨੀਂਹ ਦਾ ਜਸ਼ਨ ਮਨਾਉਣ ਲਈ ਓਲੰਪਿਕ ਦਿਵਸ ਦਾ ਆਯੋਜਨ ਕੀਤਾ ਗਿਆ ਸੀ। ਇਸ ਦਿਨ ਨੂੰ 23 ਜੂਨ 1948 ਤੋਂ ਹਰ ਸਾਲ ਅੰਤਰਰਾਸ਼ਟਰੀ ਓਲੰਪਿਕ ਦਿਵਸ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਗਿਆ। ਜਦੋਂ 23 ਜੂਨ 1948 ਨੂੰ ਪਹਿਲਾ ਓਲੰਪਿਕ ਦਿਵਸ ਆਯੋਜਿਤ ਕੀਤਾ ਗਿਆ ਸੀ, ਤਾਂ ਇਸ 'ਚ ਸਿਰਫ ਨੌਂ ਦੇਸ਼ ਸ਼ਾਮਲ ਸਨ। ਇਨ੍ਹਾਂ ਦੇਸ਼ਾਂ ਵਿੱਚ ਬ੍ਰਿਟੇਨ, ਆਸਟ੍ਰੇਲੀਆ, ਬੈਲਜੀਅਮ, ਕੈਨੇਡਾ, ਗ੍ਰੀਸ, ਪੁਰਤਗਾਲ, ਸਵਿਟਜ਼ਰਲੈਂਡ, ਉਰੂਗਵੇ ਅਤੇ ਵੈਨਜ਼ੂਏਲਾ ਸ਼ਾਮਲ ਸਨ।
ਕਿਉਂ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਓਲੰਪਿਕ ਦਿਵਸ
ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਪੱਧਰ 'ਤੇ ਖੇਡਾਂ 'ਚ ਹਰ ਉਮਰ ਵਰਗ ਦੇ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਤ ਕਰਨਾ ਹੈ। ਇਹ ਦਿਨ ਖੇਡਾਂ ਪ੍ਰਤੀ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਮਨਾਇਆ ਜਾਂਦਾ ਹੈ।
ਵਿਸ਼ਵ ਦਾ ਸਭ ਤੋਂ ਵੱਡਾ ਖੇਡ ਸਮਾਗਮ ਓਲੰਪਿਕ
ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਨਿਗਰਾਨੀ ਹੇਠ ਹਰ ਚਾਰ ਸਾਲਾਂ ਬਾਅਦ ਓਲੰਪਿਕ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮੁੱਖ ਦਫਤਰ ਸਵਿਟਜ਼ਰਲੈਂਡ ਦੇ ਲੋਸਨੇ 'ਚ ਹੈ। ਓਲੰਪਿਕਸ ਵਿਸ਼ਵ ਦਾ ਸਭ ਤੋਂ ਵੱਡਾ ਖੇਡ ਸਮਾਗਮ ਹੈ ਤੇ 200 ਤੋਂ ਵੱਧ ਦੇਸ਼ ਇਸ ਵਿੱਚ ਹਿੱਸਾ ਲੈਂਦੇ ਹਨ। ਓਲੰਪਿਕ ਕਮੇਟੀ ਦੀ ਸਥਾਪਨਾ ਪਿਅਰੇ ਡੀ ਕੁਬਰਟਿਨ ਰਾਹੀਂ ਕੀਤੀ ਗਈ ਸੀ ਅਤੇ ਯੂਨਾਨ ਦੇ ਵਪਾਰੀ ਡੈਮਿਟ੍ਰਿਸ ਵਿਕੇਲਾਸ ਇਸ ਦੇ ਪਹਿਲੇ ਪ੍ਰਧਾਨ ਬਣੇ। ਇਸ ਸਮੇਂ ਵਿਸ਼ਵ 'ਚ ਕੁੁੱਲ 205 ਰਾਸ਼ਟਰੀ ਓਲੰਪਿਕ ਕਮੇਟੀਆਂ ਹਨ। ਆਈਓਸੀ (IOC) ਹਰ ਚਾਰ ਸਾਲਾਂ ਬਾਅਦ ਗਰਮੀਆਂ ਦੀਆਂ ਓਲੰਪਿਕ ਖੇਡਾਂ, ਵਿੰਟਰ ਓਲੰਪਿਕ ਖੇਡਾਂ ਅਤੇ ਯੂਥ ਓਲੰਪਿਕ ਖੇਡਾਂ ਦਾ ਆਯੋਜਨ ਕਰਦੀ ਹੈ। ਆਈਓਸੀ ਵੱਲੋਂ ਆਯੋਜਿਤ ਕੀਤਾ ਗਿਆ ਪਹਿਲਾ ਗਰਮੀਆਂ ਦਾ ਓਲੰਪਿਕਸ 1896 ਵਿੱਚ ਯੂਨਾਨ ਦੇ ਐਥਨਜ਼ ਵਿੱਚ ਅਤੇ ਪਹਿਲਾ ਵਿੰਟਰ ਓਲੰਪਿਕਸ 1924 ਵਿੱਚ ਫਰਾਂਸ ਦੇ ਚਮੋਨਿਕਸ ਵਿੱਚ ਹੋਇਆ ਸੀ। 1992 ਤੱਕ ਦੋਵੇਂ ਗਰਮੀਆਂ ਅਤੇ ਵਿੰਟਰ ਓਲੰਪਿਕਸ ਇਕੋ ਸਾਲ 'ਚ ਆਯੋਜਿਤ ਕੀਤੇ ਗਏ ਸਨ। ਉਸ ਤੋਂ ਬਾਅਦ ਇਸ ਨੂੰ ਵੱਖਰੇ ਤੌਰ 'ਤੇ ਸੰਗਠਿਤ ਕਰਨਾ ਸ਼ੁਰੂ ਕੀਤਾ ਗਿਆ।
ਓਲੰਪਿਕ ਖੇਡਾਂ 'ਚ ਭਾਰਤ ਦਾ ਪ੍ਰਦਰਸ਼ਨ
ਭਾਰਤ ਨੇ ਸਾਲ 1900 'ਚ ਪਹਿਲੀ ਵਾਰ ਓਲੰਪਿਕ ਵਿੱਚ ਹਿੱਸਾ ਲਿਆ ਸੀ। ਇਸ ਸਾਲ ਭਾਰਤ ਤੋਂ ਸਿਰਫ ਇਕ ਐਥਲੀਟ (ਨੌਰਮਨ ਪ੍ਰਿਚਰਡ) ਭੇਜਿਆ ਗਿਆ ਸੀ, ਜਿਸ ਨੇ ਐਥਲੈਟਿਕਸ 'ਚ ਦੋ ਚਾਂਦੀ ਦੇ ਤਗਮੇ ਜਿੱਤੇ ਸਨ। ਭਾਰਤ ਨੇ ਆਪਣੀ ਟੀਮ ਨੂੰ ਪਹਿਲੀ ਵਾਰ 1920 'ਚ ਗਰਮੀਆਂ ਦੀਆਂ ਓਲੰਪਿਕ ਖੇਡਾਂ ਲਈ ਭੇਜਿਆ ਸੀ ਅਤੇ ਉਦੋਂ ਤੋਂ ਹੀ ਲਗਾਤਾਰ ਹਿੱਸਾ ਲੈਂਦਾ ਆ ਰਿਹਾ ਹੈ। ਉਸੇ ਸਮੇਂ, ਭਾਰਤ ਨੇ 1964 'ਚ ਸ਼ੁਰੂ ਹੋਈਆਂ ਵਿੰਟਰ ਓਲੰਪਿਕ ਖੇਡਾਂ ਵਿੱਚ ਵੀ ਹਿੱਸਾ ਲਿਆ ਸੀ ਅਤੇ ਇਹ ਰੁਝਾਨ ਵੀ ਜਾਰੀ ਹੈ।