ਬਿਹਾਰ: ਖੇਤੀਬਾੜੀ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਕਿੰਨੀਆਂ ਸਫਲ ਮਹਿਲਾ ਕਿਸਾਨ ਹਨ, ਜੋ ਮਿੱਟੀ ਤੋਂ ਸੋਨਾ ਤਿਆਰ ਕਰਨ ਲਈ ਕੰਮ ਕਰ ਰਹੀਆਂ ਹਨ। ਉਹ ਖ਼ੁਦ ਤਾਂ ਖੇਤੀ ਵਿੱਚ ਚਮਤਕਾਰ ਕਰ ਹੀ ਰਹੀਆਂ ਹਨ, ਨਾਲ ਹੀ, ਹੋਰਨਾਂ ਪਰਿਵਾਰਾਂ ਵਿੱਚ ਵੀ ਖੁਸ਼ੀਆਂ ਦੇ ਦੀਵੇ ਰੌਸ਼ਨਾ ਰਹੀਆਂ ਹਨ। ਅਜਿਹੀ ਹੀ ਇਕ ਔਰਤ ਮਸ਼ਰੂਮ ਲੇਡੀ ਵੀਣਾ ਦੇਵੀ ਹੈ। ਵੀਣਾ ਨੇ ਮੰਜੇ ਦੇ ਹੇਠੋਂ ਮਸ਼ਰੂਮ ਦੀ ਕਾਸ਼ਤ ਸ਼ੁਰੂ ਕੀਤੀ ਅਤੇ ਅੱਜ ਪੂਰੇ ਦੇਸ਼ ਵਿੱਚ ਮਸ਼ਰੂਮ ਲੇਡੀ ਦੇ ਨਾਂਅ ਨਾਲ ਮਸ਼ਹੂਰ ਹੋ ਗਈ ਹੈ।
ਵੀਣਾ ਦੀ ਇਸ ਚਮਤਕਾਰੀ ਕਾਸ਼ਤ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਉਨ੍ਹਾਂ ਨੂੰ ਸਨਮਾਨਤ ਕੀਤਾ ਹੈ। ਇੱਥੋ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀਐਮ ਨਿਤੀਸ਼ ਕੁਮਾਰ ਨੇ ਵੀ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ। ਵੀਣਾ ਨੇ ਨਾ ਸਿਰਫ਼ ਮਸ਼ਰੂਮ ਦੀ ਕਾਸ਼ਤ ਜ਼ਰੀਏ ਆਪਣੀ ਗ਼ਰੀਬੀ ਨੂੰ ਦੂਰ ਕੀਤਾ ਹੈ, ਬਲਕਿ ਇਸ ਦੇ ਨਾਲ ਹੀ, 100 ਤੋਂ ਵੱਧ ਪਿੰਡਾਂ ਵਿੱਚ ਮਸ਼ਰੂਮ ਦੀ ਕਾਸ਼ਤ ਕਰਨ ਲਈ ਹੋਰ ਔਰਤਾਂ ਨੂੰ ਵੀ ਉਤਸ਼ਾਹਤ ਕੀਤਾ ਹੈ। ਉਨ੍ਹਾਂ ਦੇ ਯਤਨਾਂ ਸਦਕਾ ਅੱਜ 3500 ਤੋਂ ਵੱਧ ਪਰਿਵਾਰਾਂ ਦੀ ਰੋਜ਼ੀ ਰੋਟੀ ਨਿਰਵਿਘਨ ਚੱਲ ਰਹੀ ਹੈ।
ਵੀਣਾ ਦੇਵੀ ਨੇ ਦੱਸਿਆ ਕਿ ਸ਼ੁਰੂ ਵਿੱਚ ਉਸ ਕੋਲ ਮਸ਼ਰੂਮ ਦੀ ਕਾਸ਼ਤ ਕਰਨ ਲਈ ਜ਼ਮੀਨ ਨਹੀਂ ਸੀ। ਇਸ ਤੋਂ ਬਾਅਦ, ਉਨ੍ਹਾਂ ਨੇ ਦਿਮਾਗ ਲਗਾ ਕੇ ਜਿਸ ਮੰਜੇ ਉੱਤੇ ਸੌਂਦੀ ਸੀ, ਉਸ ਦੇ ਹੇਠਾਂ ਤੋਂ ਮਸ਼ਰੂਮ ਦਾ ਇਕ ਕਿੱਲੋ ਬੀਜ ਮੰਗਵਾ ਕੇ ਇਸ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਵੀਣਾ ਦੇਵੀ ਦੀ ਇਸ ਕਹਾਣੀ ਨੂੰ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਟਵਿੱਟਰ ਹੈਂਡਲ ਰਾਹੀਂ ਸਾਂਝੀ ਕੀਤੀ ਸੀ। ਉਸ ਦੇ ਤਰੀਕੇ ਨੂੰ ਵੇਖ ਖੇਤੀਬਾੜੀ ਯੂਨੀਵਰਸਿਟੀ ਦੀ ਟੀਮ ਉਸ ਦੇ ਘਰ ਪਹੁੰਚੀ ਅਤੇ ਉਸ ਦੀ ਕਾਢ ਦੀਆਂ ਤਸਵੀਰਾਂ ਅਤੇ ਵੀਡੀਓ ਲਈਆਂ, ਜੋ ਦੁਨੀਆ ਵਿੱਚ ਵਾਇਰਲ ਹੋ ਗਈਆਂ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੱਖ ਮੰਤਰੀ, ਰਾਸ਼ਟਰਪਤੀ ਸਣੇ ਕਈ ਹੋਰ ਸੰਸਥਾਵਾਂ ਨੇ ਵੀ ਸਨਮਾਨਿਤ ਕੀਤਾ।
ਅੱਜ ਵੀਣਾ ਦੇਵੀ ਆਰਥਿਕ ਪੱਖੋਂ ਵੀ ਮਜ਼ਬੂਤ ਹੋ ਗਈ ਹੈ। ਉਸ ਦੇ 4 ਬੱਚੇ ਹਨ, ਜਿਨ੍ਹਾਂ ਇੱਕ ਪੁੱਤਰ ਨੂੰ ਇੰਜੀਨੀਅਰਿੰਗ ਦੀ ਪੜਾਈ ਕਰਵਾ ਰਹੀ ਹੈ। ਔਰਤਾਂ ਨੂੰ ਸਵੈ-ਨਿਰਭਰ ਬਣਾਉਣਾ ਹੀ ਵੀਣਾ ਦਾ ਹੁਣ ਮੁੱਖ ਟੀਚਾ ਹੈ।