ਤਰੌਬਾ (ਟ੍ਰਿਨੀਦਾਦ): ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲੇ ਟੀ-20 ਮੈਚ 'ਚ 68 ਦੌੜਾਂ ਨਾਲ ਹਰਾਇਆ। ਇਸ ਮੈਚ 'ਚ ਟੀਮ ਦੀ ਜਿੱਤ ਦੇ ਹੀਰੋ ਕਪਤਾਨ ਰੋਹਿਤ ਸ਼ਰਮਾ ਰਹੇ, ਜਿਨ੍ਹਾਂ ਨੇ 64 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਟੀਮ ਇੰਡੀਆ ਨੇ ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 190 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਵੈਸਟਇੰਡੀਜ਼ 20 ਓਵਰ ਖੇਡ ਕੇ ਸਿਰਫ 122 ਦੌੜਾਂ ਹੀ ਬਣਾ ਸਕੀ। ਵੈਸਟਇੰਡੀਜ਼ ਨੇ ਆਪਣੀਆਂ 8 ਵਿਕਟਾਂ ਗੁਆ ਦਿੱਤੀਆਂ, ਪਰ ਅੰਤ ਵਿੱਚ ਟੀਮ ਇੰਡੀਆ ਨੇ ਇਹ ਮੈਚ 68 ਦੌੜਾਂ ਨਾਲ ਜਿੱਤ ਲਿਆ ਅਤੇ 5 ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ।
191 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਨੇ ਸ਼ੁਰੂ ਤੋਂ ਹੀ ਆਪਣੀਆਂ ਵਿਕਟਾਂ ਗੁਆ ਦਿੱਤੀਆਂ। ਅਰਸ਼ਦੀਪ ਸਿੰਘ ਨੇ ਸਭ ਤੋਂ ਪਹਿਲਾਂ ਕਾਇਲ ਮਾਇਰਸ ਨੂੰ ਆਊਟ ਕੀਤਾ। ਉਸ ਤੋਂ ਬਾਅਦ ਜੇਸਨ ਹੋਲਡਰ ਵੀ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ, ਪਰ ਰਵੀਚੰਦਰਨ ਅਸ਼ਵਿਨ ਅਤੇ ਰਵੀ ਬਿਸ਼ਨੋਈ ਦੀ ਜੋੜੀ ਵੈਸਟਇੰਡੀਜ਼ ਲਈ ਇੱਕ ਡਰਾਉਣਾ ਸੁਪਨਾ ਬਣ ਕੇ ਆਈ। ਦੋਵੇਂ ਸਪਿਨਰਾਂ ਨੇ ਕੁੱਲ 4 ਵਿਕਟਾਂ ਲਈਆਂ। ਅਸ਼ਵਿਨ ਨੇ ਆਪਣੇ 4 ਓਵਰਾਂ ਵਿੱਚ ਸਿਰਫ 22 ਦੌੜਾਂ ਦੇ ਕੇ 2 ਵਿਕਟਾਂ ਲਈਆਂ ਜਦਕਿ ਰਵੀ ਬਿਸ਼ਨੋਈ ਨੇ 4 ਓਵਰਾਂ 'ਚ 26 ਦੌੜਾਂ ਦਿੱਤੀਆਂ ਅਤੇ 2 ਵਿਕਟਾਂ ਲਈਆਂ। ਵੈਸਟ ਇੰਡੀਜ਼ ਤੋਂ ਐੱਸ. ਬਰੂਕਸ ਨੇ 20, ਕਪਤਾਨ ਨਿਕੋਲਸ ਪੂਰਨ ਨੇ 18 ਦੌੜਾਂ ਬਣਾਈਆਂ।
ਵਨਡੇ ਸੀਰੀਜ਼ ਤੋਂ ਬ੍ਰੇਕ ਲੈ ਚੁੱਕੇ ਰੋਹਿਤ ਸ਼ਰਮਾ ਨੇ ਟੀ-20 ਸੀਰੀਜ਼ 'ਚ ਵਾਪਸੀ ਕੀਤੀ ਹੈ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਤਿਆਰੀਆਂ 'ਚ ਰੁੱਝੀ ਹੋਈ ਹੈ, ਇੱਥੇ ਰੋਹਿਤ ਸ਼ਰਮਾ ਨੇ ਵਿਰੋਧੀ ਟੀਮ 'ਤੇ ਸ਼ਾਟ ਦਾ ਮੀਂਹ ਵਰ੍ਹਾ ਦਿੱਤਾ। ਰੋਹਿਤ ਨੇ 64 ਦੌੜਾਂ ਦੀ ਆਪਣੀ ਪਾਰੀ 'ਚ 7 ਚੌਕੇ, 2 ਛੱਕੇ ਲਗਾਏ। ਰੋਹਿਤ ਸ਼ਰਮਾ ਤੋਂ ਇਲਾਵਾ ਫਿਨਿਸ਼ਰ ਦਿਨੇਸ਼ ਕਾਰਤਿਕ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਅੱਧ ਵਿਚਾਲੇ ਜਦੋਂ ਟੀਮ ਇੰਡੀਆ ਦੀ ਪਾਰੀ ਫਿੱਕੀ ਪੈ ਗਈ ਤਾਂ ਆਖਿਰਕਾਰ ਦਿਨੇਸ਼ ਕਾਰਤਿਕ ਨੇ 19 ਗੇਂਦਾਂ 'ਤੇ 41 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ। ਦਿਨੇਸ਼ ਕਾਰਤਿਕ ਨੇ ਆਪਣੀ ਪਾਰੀ ਵਿੱਚ ਚਾਰ ਚੌਕੇ, ਦੋ ਛੱਕੇ ਜੜੇ। ਉਸ ਦੇ ਨਾਲ ਰਵੀਚੰਦਰਨ ਅਸ਼ਵਿਨ ਨੇ ਵੀ 10 ਗੇਂਦਾਂ ਵਿੱਚ 13 ਦੌੜਾਂ ਬਣਾਈਆਂ ਅਤੇ ਅੰਤ ਵਿੱਚ ਟੀਮ ਇੰਡੀਆ ਦਾ ਸਕੋਰ 190 ਦੌੜਾਂ ਤੱਕ ਪਹੁੰਚ ਗਿਆ। ਇਨ੍ਹਾਂ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਨੇ 24, ਰਿਸ਼ਭ ਪੰਤ ਨੇ 14, ਰਵਿੰਦਰ ਜਡੇਜਾ ਨੇ 16 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: ਪਿਛਲੇ T20 WC ਦੀ ਹਾਰ 'ਤੇ ਰੋਹਿਤ ਨੇ ਦਿੱਤਾ ਵੱਡਾ ਬਿਆਨ, ਕਿਹਾ- ਹਾਰ ਗਏ ਪਰ...