ਗੁਹਾਟੀ: ਆਈਆਈਟੀ ਖੜਗਪੁਰ ਦੇ ਸਾਬਕਾ ਵਿਦਿਆਰਥੀ ਫੈਜ਼ਾਨ ਅਹਿਮਦ ਦੀ ਲਾਸ਼ ਨੂੰ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਦੂਜੇ ਪੋਸਟਮਾਰਟਮ ਲਈ ਬਾਹਰ ਕੱਢਿਆ। ਅਹਿਮਦ ਦੇ ਪਰਿਵਾਰ ਦਾ ਦੋਸ਼ ਹੈ ਕਿ ਸੰਸਥਾ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਕੈਨੀਕਲ ਇੰਜਨੀਅਰਿੰਗ ਦਾ ਵਿਿਦਆਰਥੀ ਅਹਿਮਦ ਪਿਛਲੇ ਸਾਲ 14 ਅਕਤੂਬਰ ਨੂੰ ਆਈਆਈਟੀ ਖੜਗਪੁਰ ਦੇ ਹੋਸਟਲ ਵਿੱਚ ਮ੍ਰਿਤਕ ਪਾਇਆ ਗਿਆ ਸੀ। ਸੰਸਥਾ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ, ਜਦਕਿ ਅਹਿਮਦ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ।
ਲਾਸ਼ ਬਾਹਰ ਕੱਢਣ ਦੇ ਹੁਕਮ: ਪਰਿਵਾਰ ਨੇ ਅਹਿਮਦ ਦੀ ਗੈਰ ਕੁਦਰਤੀ ਮੌਤ ਨੂੰ ਲੈ ਕੇ ਕਲਕੱਤਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਅਹਿਮਦ ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਹਾਲ ਹੀ ਵਿੱਚ, ਕਲਕੱਤਾ ਹਾਈ ਕੋਰਟ ਨੇ ਲਾਸ਼ ਨੂੰ ਬਾਹਰ ਕੱਢਣ ਅਤੇ ਦੂਜਾ ਪੋਸਟਮਾਰਟਮ ਕਰਨ ਦਾ ਹੁਕਮ ਦਿੱਤਾ ਸੀ। ਫੈਜ਼ਾਨ ਅਹਿਮਦ ਦੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਮੰਗਲਵਾਰ ਨੂੰ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।
ਕਬਰ ਦੀ ਖੁਦਾਈ : ਪੱਛਮੀ ਬੰਗਾਲ ਦੇ ਖੜਗਪੁਰ ਟਾਊਨ ਪੁਲਿਸ ਸਟੇਸ਼ਨ ਦੀ ਚਾਰ ਮੈਂਬਰੀ ਪੁਲਿਸ ਟੀਮ ਦੀ ਮੌਜੂਦਗੀ ਵਿੱਚ ਅਸਾਮ ਮੈਡੀਕਲ ਕਾਲਜ ਅਤੇ ਗੁਹਾਟੀ ਮੈਡੀਕਲ ਕਾਲਜ ਦੇ ਫੋਰੈਂਸਿਕ ਮਾਹਿਰਾਂ ਨੇ ਡਿਬਰੂਗੜ੍ਹ ਸ਼ਹਿਰ ਦੇ ਅਮੋਲਪੱਟੀ ਵਿੱਚ ਕਬਰਸਤਾਨ ਵਿੱਚ ਕਬਰ ਦੀ ਖੁਦਾਈ ਕੀਤੀ ਅਤੇ ਲਾਸ਼ ਨੂੰ ਬਾਹਰ ਕੱਢਿਆ। ਇਸ ਮੌਕੇ ਮ੍ਰਿਤਕ ਵਿਦਿਆਰਥੀ ਦੇ ਰਿਸ਼ਤੇਦਾਰ, ਸਥਾਨਕ ਪੁਲੀਸ ਅਤੇ ਮੈਜਿਸਟਰੇਟ ਗੌਤਮ ਪ੍ਰਿਆ ਮਹੰਤ ਵੀ ਹਾਜ਼ਰ ਸਨ। ਮ੍ਰਿਤਕ ਦੇਹ ਨੂੰ ਪਹਿਲਾਂ ਡਿਬਰੂਗੜ੍ਹ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਵਿਸ਼ੇਸ਼ ਟੀਮ ਦੇ ਅਧਿਕਾਰੀ ਪਰਿਵਾਰ ਸਮੇਤ ਮ੍ਰਿਤਕ ਦੇਹ ਨੂੰ ਕੋਲਕਾਤਾ ਲੈ ਗਏ।
ਜਾਂਚ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼: ਇਸ ਦੌਰਾਨ ਪਤਾ ਲੱਗਾ ਹੈ ਕਿ ਆਈਆਈਟੀ ਖੜਗਪੁਰ ਦੀ ਇੱਕ ਟੀਮ ਵੀ ਖੁਦਾਈ ਦੌਰਾਨ ਮੌਜੂਦ ਰਹਿਣ ਲਈ ਜ਼ੋਰ ਦੇ ਰਹੀ ਸੀ ਪਰ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਆਈਆਈਟੀ ਖੜਗਪੁਰ ਦੇ ਅਧਿਕਾਰੀ ਜਾਂਚ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 23 ਸਾਲਾ ਫੈਜ਼ਾਨ ਅਹਿਮਦ ਦੀ ਸੜੀ ਹੋਈ ਲਾਸ਼ ਪਿਛਲੇ ਸਾਲ 14 ਅਕਤੂਬਰ ਨੂੰ ਸੰਸਥਾ ਕੈਂਪਸ ਦੇ ਲਾਲਾ ਲਾਜਪਤ ਰਾਏ ਹਾਲ ਦੇ ਕਮਰੇ ਸੀ-205 'ਚੋਂ ਮਿਲੀ ਸੀ। ਦੋ ਦਿਨਾਂ ਬਾਅਦ, ਉਸ ਦੀ ਲਾਸ਼ ਨੂੰ ਡਿਬਰੂਗੜ੍ਹ ਸ਼ਹਿਰ ਦੇ ਅਮੋਲਪੱਟੀ ਕਬਰਸਤਾਨ ਵਿੱਚ ਦਫ਼ਨਾਇਆ ਗਿਆ ਸੀ।