ਕਰਨਾਲ: 30 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਹੈ। ਇਸ ਮੌਕੇ ਸਿੱਖ ਸਮਾਜ ਨੇ ਕਿਹਾ ਕਿ ਜੇ ਮੁੱਖ ਮੰਤਰੀ ਮਨੋਹਰ ਲਾਲ ਡੇਰਾ ਕਾਰਸੇਵਾ ਗੁਰਦੁਆਰੇ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਦੇ ਕਮੇਟੀ ਵੱਲੋਂ ਸਨਮਾਨ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਸਿੱਖ ਸਮਾਜ ਦੇ ਲੋਕਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਨਾਲ ਜੋ ਕੁੱਝ ਕੀਤਾ ਹੈ ਉਹ ਬਦਕਿਸਮਤੀ ਹੈ ਇਹ ਬਰਦਾਸ਼ਤ ਦੇ ਕਾਬਲ ਨਹੀਂ ਹੈ।
ਸਿੱਖ ਨੇਤਾ ਗੁਰਜੀਤ ਸਿੰਘ ਠਰਵਾ ਮਾਜਰਾ ਅਤੇ ਅੰਗਰੇਜ਼ ਸਿੰਘ ਪਨੂੰ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਚਲਦਿਆਂ ਜੇ ਹਰਿਆਣਾ ਦੇ ਮੁੱਖ ਮੰਤਰੀ ਡੇਰਾ ਕਾਰ ਸੇਵਾ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੌਰਾਨ ਵਕਤ ਦੇ ਬਾਦਸ਼ਾਹ ਬਾਬਰ ਨੂੰ ਜਾਬਰ ਕਿਹਾ ਸੀ ਜੋ ਜਨਤਾ ਉੱਤੇ ਜੁਰਮ ਕਰ ਰਿਹਾ ਸੀ।
ਕਿਸਾਨ ਆਗੂ ਨੇ ਕਿਹਾ ਕਿ ਹਰਿਆਣਾ ਦੇ ਇਤਿਹਾਸ ਵਿੱਚ ਇਹ ਪਹਿਲਾ ਮੁੱਖ ਮੰਤਰੀ ਹੈ ਜੋ ਸੜਕਾਂ ਬਣਾਉਣ ਦੀ ਥਾਂ ਉਨ੍ਹਾਂ ਨੂੰ ਉਖਾੜਨਾ ਅਤੇ ਉਨ੍ਹਾਂ ਵਿੱਚ ਛੇਕ ਕਰ ਰਿਹਾ ਹੈ ਤਾਂ ਜੋ ਕਿਸਾਨਾਂ ਦਾ ਰਸਤਾ ਰੋਕਿਆ ਜਾ ਸਕੇ। ਨੈਸ਼ਨਲ ਹਾਈਵੇਅ ਜੋ ਕਿ ਕੇਂਦਰ ਦੀ ਪ੍ਰਾਪਰਟੀ ਹੈ ਉਸ ਨੂੰ ਹਰਿਆਣਾ ਸਰਕਾਰ ਨੇ ਬਿਨਾਂ ਕਿਸੇ ਕਾਰਨ ਦੇ ਰੋਕਿਆ ਹੋਇਆ ਹੈ।
ਮਨੋਹਰ ਲਾਲ ਦੇ ਖ਼ਾਲਿਸਤਾਨ ਵਾਲੇ ਬਿਆਨ ਦੀ ਨਿੰਦਾ ਕਰਦੇ ਹੋਏ ਸਿੱਖ ਨੇਤਾ ਨੇ ਕਿਹਾ ਕਿ ਇਹ ਕਿਸਾਨਾਂ ਦਾ ਅੰਦੋਲਨ ਹੈ। ਹਰਿਆਣਾ ਦੇ ਸੀਐਮ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ।