ਬਾਗਪਤ/ਉੱਤਰ ਪ੍ਰਦੇਸ਼: ਪੈਰੋਲ ਮਿਲਣ ਤੋਂ ਬਾਅਦ ਬਰਨਾਵਾ ਡੇਰਾ ਸੱਚਾ ਸੌਦਾ ਆਸ਼ਰਮ 'ਚ ਰਹਿ ਰਹੇ ਗੁਰਮੀਤ ਰਾਮ ਰਹੀਮ ਨੂੰ ਸੋਮਵਾਰ ਨੂੰ ਹਰਿਆਣਾ ਪੁਲਿਸ ਆਪਣੇ ਨਾਲ ਲੈ ਗਈ। ਇਸ ਦੌਰਾਨ ਬਾਗਪਤ ਪੁਲਿਸ ਵੀ ਮੌਜੂਦ ਸੀ। ਹਰਿਆਣਾ ਪੁਲਿਸ ਰਾਮ ਰਹੀਮ ਨੂੰ ਰੋਹਤਕ ਦੀ ਸੁਨੇਰੀਆ ਜੇਲ੍ਹ ਵਿੱਚ ਦੁਬਾਰਾ ਦਾਖ਼ਲ ਕਰੇਗੀ।
ਦੱਸ ਦੇਈਏ ਕਿ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਇੱਕ ਮਹੀਨੇ ਦੀ ਪੈਰੋਲ ਮਿਲ ਗਈ ਹੈ। ਪੈਰੋਲ ਮਿਲਣ ਤੋਂ ਬਾਅਦ ਰਾਮ ਰਹੀਮ ਪਿਛਲੇ 1 ਮਹੀਨੇ ਤੋਂ ਬਾਗਪਤ ਦੇ ਬਰਨਾਵਾ ਆਸ਼ਰਮ 'ਚ ਰਹਿ ਰਿਹਾ ਸੀ। ਇੱਕ ਮਹੀਨਾ ਪੈਰੋਲ ਪੂਰੀ ਹੋਣ ਤੋਂ ਬਾਅਦ ਹਰਿਆਣਾ ਪੁਲਿਸ ਰਾਮ ਰਹੀਮ ਨੂੰ ਲੈਣ ਬਰਨਾਵਾ ਆਸ਼ਰਮ ਪਹੁੰਚੀ। ਰਾਮ ਰਹੀਮ ਪੁਲਿਸ ਸੁਰੱਖਿਆ ਹੇਠ ਆਪਣੀ ਵੀਵੀਆਈਪੀ ਕਾਰ ਵਿੱਚ ਬਰਨਾਵਾ ਆਸ਼ਰਮ ਤੋਂ ਰਵਾਨਾ ਹੋਇਆ। ਰਾਮ ਰਹੀਮ ਦੇ ਕਾਫਲੇ 'ਚ ਪੁਲਿਸ ਦੀ ਸੁਰੱਖਿਆ ਸਮੇਤ 8 ਗੱਡੀਆਂ ਸ਼ਾਮਲ ਸਨ।
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 25 ਅਗਸਤ 2017 ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਲਿਆਂਦਾ ਗਿਆ ਸੀ। ਪੰਚਕੂਲਾ ਦੀ ਸੀਬੀਆਈ ਅਦਾਲਤ ਵਿੱਚ ਪੇਸ਼ੀ ਦੌਰਾਨ ਵੱਡੇ ਪੱਧਰ ’ਤੇ ਹਿੰਸਾ ਹੋਈ। ਇਸ ਤੋਂ ਬਾਅਦ ਉਸ ਨੂੰ ਹੈਲੀਕਾਪਟਰ ਰਾਹੀਂ ਸੁਨਾਰੀਆ ਜੇਲ੍ਹ ਲਿਆਂਦਾ ਗਿਆ। 28 ਅਗਸਤ ਨੂੰ ਜੇਲ੍ਹ ਕੰਪਲੈਕਸ ਵਿੱਚ ਹੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਹੋਈ।
ਸੀਬੀਆਈ ਜੱਜ ਜਗਦੀਪ ਸਿੰਘ ਨੇ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਰਾਮ ਰਹੀਮ ਨੂੰ 10 ਸਾਲ ਦੀ ਸਜ਼ਾ ਸੁਣਾਈ ਸੀ। ਇਸ ਦੇ ਨਾਲ ਹੀ ਜਨਵਰੀ 2019 ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਕੇਸ ਵਿੱਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਅਕਤੂਬਰ 2021 ਵਿੱਚ ਰਾਮ ਰਹੀਮ ਨੂੰ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਵਿੱਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਇਹ ਵੀ ਪੜ੍ਹੋ:ਪਟਿਆਲਾ ਜੇਲ੍ਹ ’ਚ ਬੰਦ ਦਲੇਰ ਮਹਿੰਦੀ ਨੇ ਹਾਈਕੋਰਟ ਵੱਲ ਕੀਤਾ ਰੁਖ