ਸ਼੍ਰੀਨਗਰ: ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਕੈਂਪ ਦੇ ਬਾਹਰ ਗ੍ਰਨੇਡ ਸੁੱਟੇ ਜਾਣ ਦੀ ਖਬਰ ਸਾਹਮਣੇ ਆਈ ਹੈ। ਸੀਆਰਪੀਐਫ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਤਵਾਦੀਆਂ ਨੇ ਵੀਰਵਾਰ ਦੇਰ ਸ਼ਾਮ ਸ਼੍ਰੀਨਗਰ ਦੇ ਸਫਾਕਦਲ ਵਿੱਚ ਸੀਆਰਪੀਐਫ ਕੈਂਪ ਦੇ ਬਾਹਰ ਗ੍ਰਨੇਡ ਸੁੱਟਿਆ।
ਫਿਲਹਾਲ ਇਸ ਹਮਲੇ 'ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅੱਤਵਾਦੀਆਂ ਨੇ ਸ਼੍ਰੀਨਗਰ ਦੇ ਬਰੀਪੋਰਾ ਈਦਗਾਹ ਇਲਾਕੇ ਵਿੱਚ ਸੀਆਰਪੀਐਫ ਦੀ 161 ਬਟਾਲੀਅਨ ਉੱਤੇ ਗ੍ਰਨੇਡ ਸੁੱਟਿਆ। ਖੁਸ਼ਕਿਸਮਤੀ ਨਾਲ, ਗ੍ਰਨੇਡ ਬੰਕਰ ਤੋਂ ਕੁਝ ਦੂਰੀ 'ਤੇ ਫਟ ਗਿਆ ਜਿਸ ਨਾਲ ਕੁਝ ਵਾਹਨਾਂ ਦੇ ਸ਼ੀਸ਼ੇ ਨੁਕਸਾਨੇ ਗਏ।
ਸੀਆਰਪੀਐਫ ਦੇ ਪੀਆਰਓ ਅਭਿਰਾਮ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਪੁਸ਼ਟੀ ਕੀਤੀ ਕਿ ਕੁਝ ਅਣਪਛਾਤੇ ਅੱਤਵਾਦੀਆਂ ਨੇ ਸੀਆਰਪੀਐਫ 161 ਬੀਐਨ ਦੇ ਬੰਕਰ ਵੱਲ ਗ੍ਰਨੇਡ ਸੁੱਟਿਆ ਅਤੇ ਗਨੀਮਤ ਰਹੀ ਕਿ ਇਹ ਸੀਆਰਪੀਐਫ ਕੈਂਪ ਤੋਂ ਕੁਝ ਦੂਰੀ 'ਤੇ ਫਟ ਗਿਆ। ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਤਲਾਸ਼ੀ ਜਾਰੀ ਹੈ।
ਵੀਰਵਾਰ ਸਵੇਰੇ ਅੱਤਵਾਦੀਆਂ ਨੇ ਸ਼੍ਰੀਨਗਰ ਵਿੱਚ ਇੱਕ ਕਾਇਰਾਨਾ ਘਟਨਾ ਨੂੰ ਅੰਜ਼ਾਮ ਦਿੰਦੇ ਹੋਏ ਦੋ ਲੋਕਾਂ ਦੀ ਹੱਤਿਆ ਕਰ ਦਿੱਤੀ। 2021 ਵਿੱਚ, ਅੱਤਵਾਦੀਆਂ ਨੇ ਕੁੱਲ 28 ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। 28 ਵਿਅਕਤੀਆਂ ਵਿੱਚੋਂ ਪੰਜ ਸਥਾਨਕ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਸਨ।
ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਕਸ਼ਮੀਰ ਜ਼ੋਨ ਦੇ ਆਈਜੀ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਅੱਤਵਾਦੀਆਂ ਦੇ ਮਾਰੇ ਜਾਣ, ਉਨ੍ਹਾਂ ਦੇ ਸਮਰਥਨ ਢਾਂਚੇ ਦੇ ਵਿਨਾਸ਼ ਕਾਰਨ ਅੱਤਵਾਦੀ ਨਿਰਾਸ਼ ਹੋਏ ਹਨ। ਉਨ੍ਹਾਂ ਨੇ ਆਪਣੀ ਰਣਨੀਤੀ ਬਦਲ ਦਿੱਤੀ ਅਤੇ ਨਿਹੱਥੇ ਪੁਲਿਸ ਕਰਮਚਾਰੀਆਂ, ਸਿਆਸਤਦਾਨਾਂ, ਆਮ ਲੋਕਾਂ ਸਮੇਤ ਘੱਟ ਗਿਣਤੀ ਭਾਈਚਾਰਿਆਂ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।
ਵਿਜੇ ਕੁਮਾਰ ਦਾ ਕਹਿਣਾ ਹੈ ਕਿ ਅੱਤਵਾਦੀ ਅਜਿਹੇ ਸਾਰੇ ਮਾਮਲਿਆਂ ਵਿੱਚ ਪਿਸਤੌਲ ਦੀ ਵਰਤੋਂ ਕਰਦੇ ਰਹੇ ਹਨ। ਇਹ ਕਾਰਵਾਈਆਂ ਨਵੇਂ ਭਰਤੀ ਕੀਤੇ ਅੱਤਵਾਦੀਆਂ ਦੁਆਰਾ ਕੀਤੀਆਂ ਜਾਂਦੀਆਂ ਹਨ। ਕੁਝ ਮਾਮਲਿਆਂ ਵਿੱਚ ਓਜਡੀਡਬਲਿਊ ਸਿੱਧੇ ਤੌਰ 'ਤੇ ਸ਼ਾਮਿਲ ਪਾਇਆ ਗਿਆ ਹੈ।
ਵਿਜੇ ਕੁਮਾਰ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਪੁਲਿਸ ਸਖ਼ਤ ਮਿਹਨਤ ਕਰ ਰਹੀ ਹੈ ਅਤੇ ਅਸੀਂ ਅਜਿਹੇ ਸਾਰੇ ਅੱਤਵਾਦੀਆਂ ਦੀ ਪਛਾਣ ਕਰ ਰਹੇ ਹਾਂ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਸਾਰੀਆਂ ਲੀਡ ਮਿਲੀਆਂ ਹਨ ਅਤੇ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। ਅਸੀਂ ਹੋਰ ਸੁਰੱਖਿਆ ਬਲਾਂ ਦੇ ਨਾਲ ਆਪਰੇਸ਼ਨ ਵੀ ਸ਼ੁਰੂ ਕਰ ਰਹੇ ਹਾਂ।
ਇਹ ਵੀ ਪੜ੍ਹੋ:VIDEO : ਲਖੀਮਪੁਰ ਹਿੰਸਾ ਮਾਮਲੇ 'ਚ 2 ਗ੍ਰਿਫਤਾਰ, ਭਾਜਪਾ ਆਗੂ ਦੇ ਮੁੰਡੇ ਨੂੰ ਸੰਮਨ