ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜੋ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ 9 ਸਾਲਾਂ ਦੇ ਕਾਰਜਕਾਲ ਦੀ ਸ਼ਲਾਘਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਪਿਆਰ ਮਿਲਣਾ ਹਮੇਸ਼ਾ ਨਿਮਰਤਾ ਵਾਲਾ ਹੁੰਦਾ ਹੈ ਅਤੇ ਲੋਕਾਂ ਲਈ ਹੋਰ ਵੀ ਮਿਹਨਤ ਕਰਨ ਦਾ ਬਲ ਦਿੰਦਾ ਹੈ।
ਪੀਐਮ ਮੋਦੀ ਨੇ ਟਵੀਟ ਕੀਤਾ, 'ਸਵੇਰ ਤੋਂ ਮੈਂ #9YearsOfModiGovernment 'ਤੇ ਬਹੁਤ ਸਾਰੇ ਟਵੀਟ ਦੇਖ ਰਿਹਾ ਹਾਂ, ਜਿਸ ਵਿੱਚ ਲੋਕ 2014 ਤੋਂ ਸਾਡੀ ਸਰਕਾਰ ਦੀ ਸਲਾਘਾ ਕਰ ਰਹੇ ਹਨ ਤੇ ਪਿਆਰ ਉਜਾਗਰ ਕਰ ਰਹੇ ਹਨ। ਅਜਿਹਾ ਪਿਆਰ ਮਿਲਣਾ ਮੈਨੂੰ ਹਮੇਸ਼ਾ ਨਿਮਰ ਬਣਾਉਂਦਾ ਹੈ ਅਤੇ ਇਹ ਮੈਨੂੰ ਲੋਕਾਂ ਲਈ ਹੋਰ ਵੀ ਸਖ਼ਤ ਮਿਹਨਤ ਕਰਨ ਦੀ ਤਾਕਤ ਦਿੰਦਾ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ 30 ਮਈ ਨੂੰ ਆਪਣੇ ਲਗਾਤਾਰ ਦੋ ਕਾਰਜਕਾਲ ਦੇ ਨੌਂ ਸਾਲ ਪੂਰੇ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸੂਤਰਾਂ ਨੇ ਦੱਸਿਆ ਕਿ 30 ਮਈ ਤੋਂ ਭਾਜਪਾ ਨੇ ਇੱਕ ਮਹੀਨੇ ਲਈ ਦੇਸ਼ ਭਰ ਵਿੱਚ ਜਨਤਕ ਪਹੁੰਚ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਭਾਜਪਾ 30 ਮਈ ਤੋਂ 30 ਜੂਨ ਤੱਕ ਦੇਸ਼ ਭਰ ਵਿੱਚ ਲਗਭਗ 50 ਰੈਲੀਆਂ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ, ਜਿਨ੍ਹਾਂ ਵਿੱਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਧੀ ਦਰਜਨ ਰੈਲੀਆਂ ਨੂੰ ਸੰਬੋਧਨ ਕਰਨਗੇ। ਸੂਤਰਾਂ ਮੁਤਾਬਿਕ ਇਸ ਮੁਹਿੰਮ ਨਾਲ ਭਾਜਪਾ ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਵੀ ਹੁਲਾਰਾ ਮਿਲੇਗਾ, ਜੋ ਕਿ ਲਗਭਗ ਇਕ ਸਾਲ ਦੂਰ ਹਨ।
ਸੂਤਰਾਂ ਨੇ ਦੱਸਿਆ ਕਿ ਆਊਟਰੀਚ ਮੁਹਿੰਮ ਦੀ ਸ਼ੁਰੂਆਤ 31 ਮਈ ਨੂੰ ਰਾਜਸਥਾਨ ਦੇ ਅਜਮੇਰ ਵਿੱਚ ਪ੍ਰਧਾਨ ਮੰਤਰੀ ਮੋਦੀ ਇੱਕ ਮੈਗਾ ਰੈਲੀ ਰਾਹੀਂ ਕਰਨਗੇ। ਜਨ ਮੁਹਿੰਮ ਵਿਚ ਹਿੱਸਾ ਲੈਣ ਵਾਲੇ ਹੋਰ ਨੇਤਾਵਾਂ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਸ਼ਾਮਿਲ ਹੋਣਗੇ।
ਨਰਿੰਦਰ ਮੋਦੀ ਨੇ 26 ਮਈ 2014 ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਪ੍ਰਧਾਨ ਮੰਤਰੀ ਮੋਦੀ ਨੇ 30 ਮਈ, 2019 ਨੂੰ ਦੂਜੇ ਕਾਰਜਕਾਲ ਲਈ ਸਹੁੰ ਚੁੱਕੀ ਸੀ।