ਗਾਜ਼ੀਪੁਰ:ਗਾਜ਼ੀਪੁਰ ਬਾਰਡਰ ਸਮੇਤ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ 7 ਮਹੀਨਿਆਂ ਤੋ ਵੱਧ ਦਾ ਸਮਾਂ ਹੋ ਗਿਆ ਹੈ। ਅੰਦੋਲਨ ਨੂੰ ਤੇਜ਼ ਕਰਨ ਲਈ ਕਿਸਾਨ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਓਲੀਕਦੇ ਹਨ। ਸੰਯੁਕਤ ਕਿਸਾਨ ਮੋਰਚਾ ਵੱਲੋਂ ਤੇਲ ,ਗੈਸ ਆਦਿ ਚੀਜ਼ਾ ਦੀ ਮਹਿੰਗਾਈ ਦੇ ਵਿਰੋਧ ਚ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਸੇ ਤਹਿਦ ਗਾਜ਼ੀਪੁਰ ਬਾਰਡਰ ਤੇ ਵੀ ਵਧਦੀ ਮਹਿੰਗਾਈ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਕਿਸਾਨ ਯੂਨੀਅਨ ਨੇ ਝੰਡੇ ਲੈ ਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਵੀ ਮੌਜੂਦ ਹਨ। ਕਿਸਾਨਾਂ ਨੇ ਹੱਥਾਂ ਵਿਚ ਗੈਸ ਸਿਲੰਡਰ ਚੁੱਕ ਕੇ ਵਿਰੋਧ ਜਤਾਇਆ। ਸਰਹੱਦ 'ਤੇ ਮੌਜੂਦ ਕਿਸਾਨਾਂ ਨੇ ਆਪਣੇ ਵਾਹਨਾਂ,ਟਰੈਕਟਰਾਂ ਦੇ ਹਾਰਨ ਵਜਾ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ।
ਭਾਰਤੀ ਕਿਸਾਨ ਯੂਨੀਅਨ ਦੇ ਉੱਤਰ ਪ੍ਰਦੇਸ਼ ਦੇ ਪ੍ਰਧਾਨ ਰਾਜਵੀਰ ਸਿੰਘ ਯਾਦਵ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਮੰਚ ਨੇੜੇ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵਿਰੋਧ ਪੂਰੀ ਤਰ੍ਹਾਂ ਸ਼ਾਂਤਮਈ ਹੈ। ਡੀਜ਼ਲ ਪੈਟਰੋਲ ਦੀ ਦਰ ਵਿਚ ਵਾਧੇ ਨਾਲ ਖੇਤੀ ਲਾਗਤ ਵਧਦੀ ਹੈ। ਦੇਸ਼ ਦੀ ਕਿਸਾਨੀ ਵੱਧ ਰਹੀ ਮਹਿੰਗਾਈ ਨਾਲ ਬਰਬਾਦ ਹੋ ਗਈ ਹੈ। ਅੱਜ ਦੇਸ਼ ਦਾ ਕਿਸਾਨ, ਮਜ਼ਦੂਰ ਅਤੇ ਆਮ ਆਦਮੀ ਨਾਰਾਜ਼ ਹੈ। ਵੱਧ ਰਹੀ ਮਹਿੰਗਾਈ ਖਿਲਾਫ ਅੱਜ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਸਰਹੱਦ 'ਤੇ ਮੌਜੂਦ ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੇਲ ਦੀਆਂ ਕੀਮਤਾਂ ਅੱਧੀਆਂ ਕਰਨੀਆਂ ਚਾਹੀਦੀਆਂ ਹਨ। ਤਾਂ ਜੋ ਆਮ ਆਦਮੀ ਨੂੰ ਵੱਧ ਰਹੀ ਮਹਿੰਗਾਈ ਤੋਂ ਰਾਹਤ ਮਿਲੇ ਅਤੇ ਖੇਤੀਬਾੜੀ ਦੀ ਲਾਗਤ ਵੀ ਘੱਟ ਜਾਵੇ।
ਇਹ ਵੀ ਪੜ੍ਹੋ:- Live Update: ਮਹਿੰਗਾਈ ਖਿਲਾਫ਼ ਕਿਸਾਨਾਂ ਦੀ ਲਲਕਾਰ