ਨਵੀਂ ਦਿੱਲੀ: ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਦੀ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੂਨੂਰ ਨੇੜੇ ਹੈਲੀਕਾਪਟਰ ਹਾਦਸੇ (Coonoor helicopter crash) ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਵੀਰਵਾਰ ਸ਼ਾਮ ਤੱਕ ਉਨ੍ਹਾਂ ਦੀ ਮ੍ਰਿਤਕ ਦੇਹ ਦਿੱਲੀ ਲਿਆਂਦੀ ਜਾਵੇਗੀ। ਦੱਸਿਆ ਗਿਆ ਹੈ ਕਿ ਦੋਵਾਂ ਦਾ ਅੰਤਿਮ ਸੰਸਕਾਰ (Bipin Rawat Cremation) ਸ਼ੁੱਕਰਵਾਰ ਨੂੰ ਦਿੱਲੀ ਛਾਉਣੀ (DELHI CANTONMENT) 'ਚ ਕੀਤਾ ਜਾਵੇਗਾ। ਦੱਸ ਦੇਈਏ ਕਿ ਰਾਵਤ ਦੇ ਗ੍ਰਹਿ ਰਾਜ ਉੱਤਰਾਖੰਡ ਵਿੱਚ ਰਾਜ ਸਰਕਾਰ ਨੇ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ।
ਇਹ ਵੀ ਪੜੋ: ਹੈਲੀਕਾਪਟਰ ਕਰੈਸ਼ ਮਾਮਲਾ: CDS ਜਨਰਲ ਬਿਪਿਨ ਰਾਵਤ, ਪਤਨੀ ਮਧੁਲਿਕਾ ਸਮੇਤ 13 ਲੋਕਾਂ ਦੀ ਮੌਤ
ਸੀਡੀਐਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀ ਮ੍ਰਿਤਕ ਦੇਹ ਵੀਰਵਾਰ ਸ਼ਾਮ ਤੱਕ ਫੌਜੀ ਜਹਾਜ਼ ਰਾਹੀਂ ਰਾਸ਼ਟਰੀ ਰਾਜਧਾਨੀ ਪਹੁੰਚ ਜਾਵੇਗੀ। ਸ਼ੁੱਕਰਵਾਰ ਨੂੰ ਪਤੀ-ਪਤਨੀ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਘਰ ਲਿਆਂਦੀਆਂ ਜਾਣਗੀਆਂ ਅਤੇ ਲੋਕਾਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ ਕਾਮਰਾਜ ਮਾਰਗ ਤੋਂ ਦਿੱਲੀ ਛਾਉਣੀ ਦੇ ਬਰਾੜ ਚੌਰਾਹਾ ਸ਼ਮਸ਼ਾਨਘਾਟ ਤੱਕ ਕੱਢੀ ਜਾਵੇਗੀ। ਅੰਤਿਮ ਸੰਸਕਾਰ (Bipin Rawat Cremation) ਲਈ ਉਨ੍ਹਾਂ ਦੀ ਛੋਟੀ ਭੈਣ ਅਤੇ ਭਰਾ ਵੀ ਉੱਥੇ ਮੌਜੂਦ ਰਹਿਣਗੇ।
ਦੋਵੇ ਸਦਨਾਂ ’ਚ ਰੱਖਿਆ ਮੰਤਰੀ ਕਰਨਗੇ ਸੰਬੋਧਨ
ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਰਾਜ ਸਭਾ ਤੇ ਲੋਕ ਸਭਾ ਵਿੱਚ ਤਾਮਿਲਨਾਡੂ ਵਿੱਚ ਫੌਜੀ ਹੈਲੀਕਾਪਟਰ ਹਾਦਸੇ ਸਬੰਧੀ ਸੰਬੋਧਨ ਕਰਨਗੇ।
3 ਦਿਨਾਂ ਦਾ ਰਾਸ਼ਟਰੀ ਸੋਗ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੀਡੀਐਸ ਦੀ ਮੌਤ 'ਤੇ ਸੂਬੇ ਵਿੱਚ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ, ਮੈਨੂੰ ਸੀਡੀਐਸ ਜਨਰਲ ਬਿਪਿਨ ਰਾਵਤ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ, ਉਨ੍ਹਾਂ ਆਪਣਾ ਜੀਵਨ ਦੇਸ਼ ਲਈ ਸਮਰਪਿਤ ਕਰ ਦਿੱਤਾ।
ਉਤਰਾਖੰਡ ਨਾਲ ਡੂੰਘਾ ਸਬੰਧ
ਤੁਹਾਨੂੰ ਦੱਸ ਦੇਈਏ ਕਿ ਮਰਹੂਮ ਬਿਪਿਨ ਰਾਵਤ ਦਾ ਜਨਮ ਉੱਤਰਾਖੰਡ ਦੇ ਪੌੜੀ ਗੜ੍ਹਵਾਲ ਵਿੱਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਪੀੜ੍ਹੀਆਂ ਤੋਂ ਦੇਸ਼ ਦੀ ਫੌਜ ਵਿੱਚ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਦੇ ਪਿਤਾ ਲਕਸ਼ਮਣ ਸਿੰਘ ਰਾਵਤ ਵੀ ਲੈਫਟੀਨੈਂਟ ਜਨਰਲ ਰਹਿ ਚੁੱਕੇ ਹਨ।
ਪਰਿਵਾਰ ਕੋਲ ਪਹੁੰਚੇ ਰੱਖਿਆ ਮੰਤਰੀ
ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਰਿਸ਼ਤੇਦਾਰ ਅਤੇ ਕਰੀਬੀ ਦੋਸਤ ਦਿੱਲੀ ਸਥਿਤ ਸੀਡੀਐਸ ਦੇ ਬੰਗਲੇ 'ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ, ਉਸ ਤੋਂ ਬਾਅਦ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ।
ਇਹ ਵੀ ਪੜੋ: ਜਨਰਲ ਬਿਪਿਨ ਰਾਵਤ ਦੀ ਪਤਨੀ ਮਧੁਲਿਕਾ ਰਾਵਤ, ਜਾਣੋ ਉਨ੍ਹਾਂ ਬਾਰੇ ਅਹਿਮ ਗੱਲਾਂ
ਸੀਸੀਐਸ ਮੀਟਿੰਗ ਵਿੱਚ ਸ਼ਰਧਾਂਜਲੀ
ਇੱਥੇ ਬੁੱਧਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਸੁਰੱਖਿਆ ਬਾਰੇ ਕਮੇਟੀ (ਸੀਸੀਐਸ) ਦੀ ਮੀਟਿੰਗ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰਧਾਨ ਮੰਤਰੀ ਦੀ ਰਿਹਾਇਸ਼ ਲੋਕ ਕਲਿਆਣ ਮਾਰਗ 'ਤੇ ਹੋਈ ਇਸ ਬੈਠਕ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਮੌਜੂਦ ਸਨ। ਮੀਟਿੰਗ ਤੋਂ ਬਾਅਦ ਹੁਣ ਪੀਐਮ ਮੋਦੀ ਅਤੇ ਅਮਿਤ ਸ਼ਾਹ ਵਿਚਾਲੇ ਵੱਖ-ਵੱਖ ਲੰਬੀ ਮੀਟਿੰਗ ਹੋਈ।