ਨਵੀਂ ਦਿੱਲੀ: ਤਾਈਵਾਨ ਦੀ ਆਈਫੋਨ ਨਿਰਮਾਤਾ ਕੰਪਨੀ Foxconn ਅਗਲੇ ਸਾਲ ਤੱਕ ਭਾਰਤ ਵਿੱਚ ਆਪਣੇ ਨਿਵੇਸ਼ ਅਤੇ ਕਰਮਚਾਰੀਆਂ ਨੂੰ ਦੁੱਗਣਾ ਕਰਨ ਦੀ ਯੋਜਨਾ ਬਣਾ ਰਹੀ ਹੈ। ਭਾਰਤ 'ਚ ਫਾਕਸਕਾਨ ਦੇ ਪ੍ਰਤੀਨਿਧੀ ਵੇਈ ਲੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਉਸਨੇ ਆਪਣੀ ਯੋਜਨਾ ਬਾਰੇ ਬਹੁਤ ਜ਼ਿਆਦਾ ਵੇਰਵੇ ਨਹੀਂ ਦਿੱਤੇ। ਦੱਸ ਦੇਈਏ ਕਿ ਕੰਪਨੀ ਦੁਆਰਾ ਹੋਰ ਨਿਵੇਸ਼ ਨਾਲ ਦੇਸ਼ ਵਿੱਚ ਰੁਜ਼ਗਾਰ ਵਧਣ ਦੀ ਉਮੀਦ ਹੈ।
ਪੀਐਮ ਮੋਦੀ ਨੂੰ ਜਨਮ ਦਿਨ ਦਾ ਤੋਹਫਾ ! : ਇਸ ਦੇ ਨਾਲ ਹੀ, ਵੇਈ ਲੀ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ (17 ਸਤੰਬਰ) 'ਤੇ ਵਧਾਈ ਦਿੱਤੀ। ਲਿੰਕਡਇਨ ਪੋਸਟ 'ਚ ਵੇਈ ਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ 73ਵੇਂ ਜਨਮ ਦਿਨ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ- 'ਤੁਹਾਡੀ (ਪੀਐੱਮ ਮੋਦੀ) ਅਗਵਾਈ 'ਚ ਫਾਕਸਕਾਨ ਦਾ ਵਿਕਾਸ ਹੋਇਆ ਹੈ। ਭਾਰਤ ਵਿੱਚ ਸੁਚਾਰੂ ਅਤੇ ਹੋਰ ਤੇਜ਼ੀ ਨਾਲ ਰੁਜ਼ਗਾਰ, ਐਫਡੀਆਈ ਅਤੇ ਵਪਾਰ ਦੇ ਆਕਾਰ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਦੇ ਹੋਏ, ਅਸੀਂ ਅਗਲੇ ਸਾਲ ਤੁਹਾਨੂੰ ਜਨਮਦਿਨ ਦਾ ਵੱਡਾ ਤੋਹਫ਼ਾ ਦੇਣ ਲਈ ਹੋਰ ਵੀ ਸਖ਼ਤ ਮਿਹਨਤ ਕਰਾਂਗੇ।'
ਹੋਰ ਪਲਾਂਟ ਸਥਾਪਿਤ ਹੋਵੇਗਾ : ਫਾਕਸਕਾਨ ਹਾਲ ਹੀ ਵਿੱਚ ਭਾਰਤ ਵਿੱਚ ਤੇਜ਼ੀ ਨਾਲ ਨਿਵੇਸ਼ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਕਰਨਾਟਕ ਸਰਕਾਰ ਅਤੇ ਫਾਕਸਕਾਨ ਵਿਚਾਲੇ ਕੁਝ ਸਮਾਂ ਪਹਿਲਾਂ ਦੋ ਪ੍ਰਾਜੈਕਟਾਂ ਲਈ ਲੈਟਰ ਆਫ ਇੰਟੈਂਟ (LOI) 'ਤੇ ਸਹਿਮਤੀ ਬਣੀ ਹੈ। ਜਿਸ ਦੇ ਤਹਿਤ ਫਾਕਸਕਾਨ ਕਰਨਾਟਕ 'ਚ 5,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਦੋ ਪ੍ਰੋਜੈਕਟਾਂ ਵਿੱਚੋਂ, ਇੱਕ ਚਿੱਪ ਨਿਰਮਾਣ 'ਤੇ ਕੀਤਾ ਜਾਵੇਗਾ ਅਤੇ ਦੂਜਾ ਪ੍ਰੋਜੈਕਟ ਆਈਫੋਨ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਕੇਸਿੰਗ ਬਣਾਉਣ ਲਈ ਇੱਕ ਪਲਾਂਟ ਸਥਾਪਤ ਕਰਨ 'ਤੇ ਕੀਤਾ ਜਾਵੇਗਾ।
ਗੁਜਰਾਤ ਅਤੇ ਤੇਲੰਗਾਨਾ ਵਿੱਚ ਵੀ ਨਿਵੇਸ਼ ਦੀ ਯੋਜਨਾ: ਇਸ ਤੋਂ ਇਲਾਵਾ ਫਾਕਸਕਾਨ ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ ਵਿੱਚ 1,600 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਮੋਬਾਈਲ ਕੰਪੋਨੈਂਟ ਨਿਰਮਾਣ ਪਲਾਂਟ ਸਥਾਪਿਤ ਕਰੇਗੀ ਜਿਸ ਲਈ ਸਰਕਾਰ ਅਤੇ ਕੰਪਨੀ ਵਿਚਕਾਰ ਇੱਕ LOI ਪੱਤਰ 'ਤੇ ਦਸਤਖ਼ਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਫਾਕਸਕਾਨ ਭਾਰਤ ਦੇ ਹੋਰ ਰਾਜਾਂ ਜਿਵੇਂ ਗੁਜਰਾਤ ਅਤੇ ਤੇਲੰਗਾਨਾ ਵਿੱਚ ਵੀ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤਰ੍ਹਾਂ ਇਹ ਭਾਰਤ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰ ਰਿਹਾ ਹੈ।
ਫਾਕਸਕਨ ਦੇ ਚੇਅਰਮੈਨ ਯੰਗ ਲਿਊ ਜੁਲਾਈ ਦੇ ਅਖੀਰ ਵਿੱਚ ਗਾਂਧੀਨਗਰ ਵਿੱਚ ਸੈਮੀਕਨਇੰਡੀਆ 2023 ਵਿੱਚ ਸ਼ਾਮਲ ਹੋਣ ਲਈ ਭਾਰਤ ਵਿੱਚ ਸਨ ਅਤੇ ਬਾਅਦ ਵਿੱਚ ਚੇਨਈ ਚਲੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ ਵਿੱਚ ਫੌਕਸਕਾਨ ਦੇ ਚੇਅਰਮੈਨ ਯਾਂਗ ਲਿਊ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਵਿੱਚ ਸੈਮੀਕੰਡਕਟਰ ਅਤੇ ਚਿੱਪ ਨਿਰਮਾਣ ਸਮਰੱਥਾ ਨੂੰ ਵਧਾਉਣ ਲਈ ਕੰਪਨੀ ਦੀਆਂ ਯੋਜਨਾਵਾਂ ਦਾ ਸਵਾਗਤ ਕੀਤਾ।