ਊਧਮਪੁਰ : ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਇਕ ਫੁੱਟਬ੍ਰਿਜ ਡਿੱਗਣ ਕਾਰਨ ਕਈ ਬੱਚਿਆਂ ਸਮੇਤ ਘੱਟੋ-ਘੱਟ 40 ਲੋਕ ਜ਼ਖਮੀ ਹੋ ਗਏ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਵਿਸਾਖੀ ਦੇ ਸਮਾਗਮਾਂ ਦੌਰਾਨ ਚੇਨਾਨੀ ਬਲਾਕ ਦੇ ਪਿੰਡ ਬੈਨ ਦੇ ਬੇਨੀ ਸੰਗਮ ਵਿਖੇ ਵਾਪਰੀ। ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਉਹ ਊਧਮਪੁਰ ਦੇ ਡੀਸੀ ਦੇ ਸੰਪਰਕ ਵਿੱਚ ਹਨ। ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਬਚਾਅ ਕਾਰਜ ਜਾਰੀ : ਡਿਵੀਜ਼ਨਲ ਕਮਿਸ਼ਨਰ (ਜੰਮੂ) ਰਮੇਸ਼ ਕੁਮਾਰ ਨੇ ਦੱਸਿਆ ਕਿ ਪੁਲ਼ ਓਵਰਲੋਡਿੰਗ ਕਾਰਨ ਡਿੱਗ ਗਿਆ, ਕਿਉਂਕਿ ਇਸ 'ਤੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਸਨ। ਊਧਮਪੁਰ ਦੇ ਐਸਐਸਪੀ ਡਾਕਟਰ ਵਿਨੋਦ ਨੇ ਦੱਸਿਆ ਕਿ ਪੁਲਿਸ ਅਤੇ ਹੋਰ ਟੀਮਾਂ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਜਾਰੀ ਹੈ। ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਚੇਨਾਨੀ ਹਸਪਤਾਲ ਵਿਖੇ ਜ਼ਖ਼ਮੀਆਂ ਨੂੰ ਕਰਵਾਇਆ ਦਾਖਲ : ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਅਤੇ ਰਾਹਤ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਚੇਨਾਨੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਾਰ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਊਧਮਪੁਰ ਲਿਜਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਘਟਨਾ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
20 ਤੋਂ 25 ਲੋਕ ਗੰਭੀਰ : ਇਸ ਦੇ ਨਾਲ ਹੀ ਚੇਨਾਨੀ ਨਗਰਪਾਲਿਕਾ ਦੇ ਚੇਅਰਮੈਨ ਮਾਨਿਕ ਗੁਪਤਾ ਨੇ ਦੱਸਿਆ ਕਿ 'ਘੱਟੋ-ਘੱਟ 80 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 20-25 ਦੀ ਹਾਲਤ ਗੰਭੀਰ ਹੈ। ਖਾਸ ਗੱਲ ਇਹ ਹੈ ਕਿ ਅੱਜ ਵਿਸਾਖੀ ਮੇਲੇ ਦਾ ਪਹਿਲਾ ਦਿਨ ਸੀ ਅਤੇ ਇਹ ਸਾਰੇ ਲੋਕ ਵਿਸਾਖੀ 'ਤੇ ਮੇਲਾ ਦੇਖਣ ਪਹੁੰਚੇ ਸਨ। ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਸੂਚਨਾ ਮਿਲਦੇ ਹੀ ਪੁਲਸ ਅਤੇ ਸਥਾਨਕ ਲੋਕ ਜ਼ਖਮੀਆਂ ਦੀ ਮਦਦ ਲਈ ਮੌਕੇ 'ਤੇ ਪਹੁੰਚ ਗਏ।
ਇਹ ਵੀ ਪੜ੍ਹੋ : Police left for kaushambi: ਅਤੀਕ ਅਹਿਮਦ ਅਤੇ ਅਸ਼ਰਫ਼ ਨੂੰ ਲੈ ਕੇ ਕੌਸ਼ੰਬੀ ਲਈ ਰਵਾਨਾ ਹੋਈ ਪੁਲਿਸ
ਵੀਰਵਾਰ ਨੂੰ ਅਜਿਹੀ ਹੀ ਇੱਕ ਘਟਨਾ ਵਿੱਚ ਜੰਮੂ-ਕਸ਼ਮੀਰ ਦੇ ਪੁੰਛ ਦੇ ਪਿੰਡ ਖਨੇਤਰ ਵਿੱਚ ਵਾਪਰੀ ਸੀ, ਜਿਥੇ ਇੱਕ ਘਰ ਦੀ ਛੱਤ ਡਿੱਗਣ ਨਾਲ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋ ਗਏ ਸਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਿੰਡ ਖਨੇਤਰ ਵਾਸੀ ਇਕ ਵਿਅਕਤੀ ਦੇ ਘਰ ਦੀ ਛੱਤ ਡਿੱਗਣ ਕਾਰਨ ਉਸ ਦੀ ਲੜਕੀ ਦੀ ਮੌਤ ’ਤੇ ਦੁੱਖ ਪ੍ਰਗਟ ਕਰਨ ਲਈ ਪਿੰਡ ਵਾਸੀ ਅਤੇ ਰਿਸ਼ਤੇਦਾਰ ਇਕੱਠੇ ਹੋਏ ਸਨ।