ਗੁਹਾਟੀ: ਅਸਾਮ ਵਿੱਚ ਬੁੱਧਵਾਰ ਨੂੰ ਹੜ੍ਹ ਦੀ ਸਥਿਤੀ ਵਿਗੜ ਗਈ। ਇਸ ਕੁਦਰਤੀ ਆਫ਼ਤ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧ ਕੇ 31.5 ਲੱਖ ਹੋ ਗਈ ਹੈ। ਇਸ ਦੇ ਨਾਲ ਹੀ ਸੂਬੇ 'ਚ ਹੜ੍ਹ ਨਾਲ ਜੁੜੀਆਂ ਘਟਨਾਵਾਂ ਨੇ 12 ਹੋਰ ਲੋਕਾਂ ਦੀ ਜਾਨ ਲੈ ਲਈ ਹੈ। ਜਦ ਕਿ ਕਛਰ ਜ਼ਿਲ੍ਹੇ ਦੇ ਸਿਲਚਰ ਸ਼ਹਿਰ ਦੇ ਜ਼ਿਆਦਾਤਰ ਇਲਾਕੇ ਪਿਛਲੇ 10 ਦਿਨਾਂ ਤੋਂ ਪਾਣੀ ਵਿੱਚ ਡੁੱਬੇ ਹੋਏ ਹਨ। ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏਐਸਡੀਐਮਏ) ਨੇ ਇੱਕ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਹੜ੍ਹਾਂ ਵਿੱਚ 11 ਅਤੇ ਜ਼ਮੀਨ ਖਿਸਕਣ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਨਾਲ ਸੂਬੇ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 151 ਹੋ ਗਈ ਹੈ।
ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧ ਕੇ 31.54 ਲੱਖ ਹੋ ਗਈ ਹੈ। ਜੋ ਕਿ ਇੱਕ ਦਿਨ ਪਹਿਲਾਂ ਦੇ 24.92 ਲੱਖ ਦੇ ਅੰਕੜੇ ਤੋਂ ਵੱਧ ਹੈ। ਬ੍ਰਹਮਪੁੱਤਰ, ਬੇਕੀ, ਕੋਪਿਲੀ, ਬਰਾਕ ਅਤੇ ਕੁਸ਼ੀਆਰਾ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਸਿਲਚਰ ਸ਼ਹਿਰ ਦੇ ਜ਼ਿਆਦਾਤਰ ਖੇਤਰ ਪਾਣੀ ਵਿਚ ਡੁੱਬ ਗਏ ਹਨ ਅਤੇ ਵਸਨੀਕਾਂ ਨੂੰ ਭੋਜਨ, ਪੀਣ ਵਾਲੇ ਪਾਣੀ ਅਤੇ ਦਵਾਈਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਪਟੀ ਕਮਿਸ਼ਨਰ ਕੀਰਤੀ ਜੱਲੀ ਨੇ ਦੱਸਿਆ ਕਿ ਬੇਠਕੁੰਡੀ ਵਿਖੇ ਬੰਨ੍ਹ ਟੁੱਟਣ ਕਾਰਨ ਸਿਲਚਰ ਦੇ ਜ਼ਿਆਦਾਤਰ ਇਲਾਕੇ ਅਜੇ ਵੀ ਡੁੱਬੇ ਹੋਏ ਹਨ। ਇਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਤੱਕ ਪੀਣ ਵਾਲਾ ਸਾਫ਼ ਪਾਣੀ ਅਤੇ ਭੋਜਨ ਪਹੁੰਚਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਜਦੋਂਕਿ ਸਿਹਤ ਵਿਭਾਗ ਵੱਲੋਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਮੈਡੀਕਲ ਕੈਂਪ ਲਾਏ ਜਾ ਰਹੇ ਹਨ। ਸ਼ਹਿਰ ਦੇ 28 ਮਿਉਂਸਪਲ ਵਾਰਡਾਂ ਵਿੱਚ ਮੈਡੀਕਲ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਦਕਿ ਵੱਖ-ਵੱਖ ਰਾਹਤ ਕੇਂਦਰਾਂ ਵਿੱਚ ਸਿਹਤ ਕੈਂਪ ਲਗਾਏ ਗਏ ਹਨ, ਜਿੱਥੇ ਲੋਕਾਂ ਨੂੰ ਦਸਤ ਤੋਂ ਬਚਾਅ ਲਈ ਓ.ਆਰ.ਐੱਸ. ਦੇ ਪੈਕਟ ਦਿੱਤੇ ਗਏ ਹਨ। ਰਾਜ ਭਰ ਵਿੱਚ 79 ਮਾਲ ਮੰਡਲਾਂ ਦੇ ਅਧੀਨ ਕੁੱਲ 2,675 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਜਦੋਂ ਕਿ 3,12,085 ਲੋਕਾਂ ਨੇ 569 ਰਾਹਤ ਕੈਂਪਾਂ ਵਿੱਚ ਸ਼ਰਨ ਲਈ ਹੈ। ਹੜ੍ਹ ਨਾਲ ਸਭ ਤੋਂ ਵੱਧ ਕਛਰ ਪ੍ਰਭਾਵਿਤ ਹੋਇਆ ਹੈ, ਜਿੱਥੇ 14.30 ਲੱਖ ਲੋਕ ਪ੍ਰਭਾਵਿਤ ਹੋਏ ਹਨ।
ਇਸ ਤੋਂ ਬਾਅਦ ਬਾਰਪੇਟਾ (5.49 ਲੱਖ) ਅਤੇ ਨਾਗਾਂਵ (5.19 ਲੱਖ) ਦਾ ਨੰਬਰ ਆਉਂਦਾ ਹੈ। ਪੰਜ ਬੰਨ੍ਹ ਟੁੱਟ ਗਏ ਹਨ, ਜਦਕਿ 177 ਸੜਕਾਂ ਅਤੇ ਪੰਜ ਪੁਲ ਨੁਕਸਾਨੇ ਗਏ ਹਨ। ਕੁੱਲ 548 ਘਰ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਅਤੇ 1,034 ਅੰਸ਼ਿਕ ਤੌਰ 'ਤੇ ਨੁਕਸਾਨੇ ਗਏ। ਬਕਸਾ, ਬਾਰਪੇਟਾ, ਵਿਸ਼ਵਨਾਥ, ਬੋਂਗਾਈਗਾਂਵ, ਕੋਕਰਾਝਾਰ, ਲਖੀਮਪੁਰ, ਮੋਰੀਗਾਂਵ, ਨਗਾਓਂ, ਨਲਬਾੜੀ, ਸੋਨਿਤਪੁਰ, ਦੱਖਣੀ ਸਲਮਾਰ, ਤਾਮੂਲਪੁਰ ਅਤੇ ਤਿਨਸੁਕੀਆ ਜ਼ਿਲ੍ਹਿਆਂ ਵਿੱਚ ਮਿੱਟੀ ਦੀ ਕਟੌਤੀ ਵੱਡੇ ਪੱਧਰ 'ਤੇ ਹੋਈ ਹੈ।
ਇਹ ਵੀ ਪੜ੍ਹੋ : ਕੱਚੇ ਬਿਜਲੀ ਮੀਟਰ ਰੀਡਰ ਮੁਲਾਜ਼ਮਾਂ ਨੇ ਕੀਤਾ ਧਰਨਾ ਪ੍ਰਦਰਸ਼ਨ, ਸਪੀਕਰ ਸੰਧਵਾਂ 'ਤੇ ਵਰ੍ਹੇ ਮੁਲਾਜ਼ਮ