ਨਵੀਂ ਦਿੱਲੀ: ਦਿੱਲੀ ਦੇ ਆਈਜੀਆਈ ਏਅਰਪੋਰਟ 'ਤੇ ਵੀਰਵਾਰ ਨੂੰ ਦਿੱਲੀ ਤੋਂ ਮੁੰਬਈ ਜਾ ਰਹੀ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ ਨੂੰ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਦੋ ਘੰਟੇ ਜਾਂਚ ਲਈ ਰੋਕ ਦਿੱਤਾ ਗਿਆ। ਜਾਂਚ ਪੂਰੀ ਹੋਣ ਤੋਂ ਬਾਅਦ, ਸੂਚਨਾ ਮਹਿਜ਼ ਅਫਵਾਹ ਨਿਕਲੀ ਅਤੇ ਜਹਾਜ਼ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ। ਇਸ ਦੇ ਨਾਲ ਹੀ, ਏਅਰਪੋਰਟ ਪੁਲਿਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਧਾਰਾ 341 ਅਤੇ 268 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਖ਼ਸ਼ ਨੂੰ ਬੰਬ ਵਾਲੀ ਗੱਲ ਫੋਨ 'ਤੇ ਕਰਦੇ ਸੁਣਿਆ: ਏਅਰਪੋਰਟ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਮੁੰਬਈ ਜਾ ਰਹੀ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ ਨੰਬਰ ਯੂਕੇ-941 ਨੇ ਵੀਰਵਾਰ ਸ਼ਾਮ 4:55 'ਤੇ ਉਡਾਣ ਭਰਨੀ ਸੀ। ਉਡਾਣ ਭਰਨ ਤੋਂ ਠੀਕ ਪਹਿਲਾਂ, ਜਹਾਜ਼ ਵਿਚ ਸਵਾਰ ਇਕ ਮਹਿਲਾ ਯਾਤਰੀ ਨੇ ਏਅਰਲਾਈਨ ਦੇ ਕਰੂ ਮੈਂਬਰਾਂ ਨੂੰ ਦੱਸਿਆ ਕਿ ਉਸ ਨੇ ਇਕ ਹਵਾਈ ਯਾਤਰੀ ਨੂੰ ਫ਼ੋਨ 'ਤੇ ਕਿਸੇ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਸੀਆਈਐਸਐਫ ਦੀ ਟੀਮ ਉਸ ਦੇ ਬੈਗ ਵਿਚ ਬੰਬ ਨਹੀਂ ਲੱਭ ਸਕੀ।
ਇਹ ਸੁਣ ਕੇ ਸੁਰੱਖਿਆ ਪ੍ਰੋਟੋਕੋਲ ਦੇ ਤਹਿਤ ਜਹਾਜ਼ ਦੇ ਕੈਪਟਨ ਨੇ ਤੁਰੰਤ ਸੀਆਈਐਸਐਫ ਸੁਰੱਖਿਆ ਕਰਮੀਆਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਹਵਾਈ ਅੱਡੇ ਦੀ ਸੁਰੱਖਿਆ ਏਜੰਸੀਆਂ, ਖੁਫੀਆ ਵਿਭਾਗ, ਏਅਰਪੋਰਟ ਆਪਰੇਟਰ ਅਤੇ ਹੋਰ ਹਵਾਬਾਜ਼ੀ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ। ਇਸ ਦੇ ਨਾਲ ਹੀ, ਸੁਰੱਖਿਆ ਕਰਮਚਾਰੀਆਂ ਨੇ ਸਟੈਂਡਰਡ ਸਕਿਓਰਿਟੀ ਪ੍ਰੋਟੋਕੋਲ ਨੂੰ ਅਪਣਾਉਂਦੇ ਹੋਏ ਟਰਮੀਨਲ ਦੇ ਏਰੀਏ ਅਤੇ ਚੈੱਕ-ਇਨ ਸਾਮਾਨ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਮਹਿਲਾ ਤੇ ਪੁਰਸ਼ ਯਾਤਰੀ ਪੁਲਿਸ ਹਵਾਲੇ ਕੀਤੇ: ਕਰੀਬ 6:45 ਵਜੇ ਜਾਂਚ ਪੂਰੀ ਹੋਣ ਤੋਂ ਬਾਅਦ ਇਸ ਸੂਚਨਾ ਨੂੰ ਅਫਵਾਹ ਕਰਾਰ ਦਿੱਤਾ ਗਿਆ। ਇਸ ਤੋਂ ਬਾਅਦ 163 ਹਵਾਈ ਯਾਤਰੀਆਂ ਵਾਲੀ ਇਸ ਫਲਾਈਟ ਨੂੰ ਮੁੰਬਈ ਲਈ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ। ਇਸ ਦੇ ਨਾਲ ਹੀ, ਮਹਿਲਾ ਅਤੇ ਪੁਰਸ਼ ਯਾਤਰੀ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਰਸ਼ ਯਾਤਰੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ, 6 ਜੂਨ ਨੂੰ ਕੋਲਕਾਤਾ ਤੋਂ ਦੋਹਾ ਜਾ ਰਹੀ ਕਤਰ ਏਅਰਵੇਜ਼ ਦੀ ਫਲਾਈਟ 'ਚ ਉਸ ਸਮੇਂ ਹੜਕੰਪ ਮਚ ਗਿਆ ਸੀ, ਜਦੋਂ ਜਹਾਜ਼ 'ਚ ਸਵਾਰ ਇਕ ਯਾਤਰੀ ਨੇ ਬੰਬ ਹੋਣ ਦਾ ਦਾਅਵਾ ਕਰਦੇ ਹੋਏ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਤੁਰੰਤ ਬਾਅਦ ਫਲਾਈਟ ਨੰਬਰ QR 541 ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਚਾਲਕ ਦਲ ਨੇ ਤੁਰੰਤ ਇਸ ਦੀ ਸੂਚਨਾ CISF ਨੂੰ ਦਿੱਤੀ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਬੀਡੀਡੀਐਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬੀਡੀਡੀਐਸ ਨੇ ਸਨਿਫਰ ਡੌਗ ਦੀ ਮਦਦ ਨਾਲ ਜਹਾਜ਼ ਦੀ ਤਲਾਸ਼ੀ ਲਈ।
ਪੁੱਛਗਿੱਛ ਦੌਰਾਨ ਵਿਅਕਤੀ ਨੇ ਦਾਅਵਾ ਕੀਤਾ ਕਿ ਕਿਸੇ ਨੇ ਉਸ ਨੂੰ ਜਹਾਜ਼ ਦੇ ਅੰਦਰ ਬੰਬ ਹੋਣ ਬਾਰੇ ਦੱਸਿਆ ਸੀ। ਮੁਖਬਰ ਦੇ ਪਿਤਾ ਨੇ ਸੀਆਈਐਸਐਫ ਨੂੰ ਦਾਅਵਾ ਕੀਤਾ ਕਿ ਉਸ ਦਾ ਪੁੱਤਰ ਮਾਨਸਿਕ ਪ੍ਰੇਸ਼ਾਨੀ ਤੋਂ ਪੀੜਤ ਹੈ। ਉਨ੍ਹਾਂ ਇਸ ਦੇ ਲਈ ਕੁਝ ਦਸਤਾਵੇਜ਼ ਵੀ ਪੇਸ਼ ਕੀਤੇ। ਕੁਝ ਸ਼ੱਕੀ ਚੀਜ਼ ਨਾ ਮਿਲਣ ਉੱਤੇ ਜਹਾਜ਼ ਨੂੰ ਮੰਜਿਲ ਵੱਲ ਰਵਾਨਾ ਕੀਤਾ ਗਿਆ।