ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਾ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਿਹਾ ਪ੍ਰਦਰਸ਼ਨ 46ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇੱਕ ਪਾਸੇ ਜਿੱਥੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ ਉੱਥੇ ਹੀ ਕਿਸਾਨਾਂ ਵੱਲੋਂ ਇੱਕ ਹੋਰ ਰਣਨੀਤੀ ਤਿਆਰ ਕੀਤੀ ਗਈ ਹੈ।
ਪੰਜਾਬ ਦਾ ਦਿੱਲੀ ਨਾਲ ਵਿਆਹ
ਕਿਸਾਨਾਂ ਵੱਲੋਂ 26 ਜਨਵਰੀ ਨੂੰ ਪੰਜਾਬ ਅਤੇ ਦਿੱਲੀ ਦਾ ਵਿਆਹ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਦੇ ਲਈ ਕਿਸਾਨਾਂ ਨੇ ਵਿਆਹ ਦੇ ਕਾਰਡ ਵੀ ਛਪਾਏ ਹਨ। ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਲਾੜੇ ਦਾ ਨਾਂ 'ਪੰਜਾਬ ਸਿੰਘ' ਅਤੇ ਲਾੜੀ ਦਾ ਨਾਂ 'ਦਿੱਲੀ ਮਰਜਾਣੀ'
ਦਰਅਸਲ 26 ਜਨਵਰੀ ਨੂੰ ਹੋਣ ਵਾਲੇ ਕਿਸਾਨੀ ਮਾਰਚ ਵਿੱਚ ਹੋਰ ਲੋਕਾਂ ਨੂੰ ਸੱਦਾ ਦੇਣ ਦੇ ਲਈ ਕਿਸਾਨਾਂ ਵੱਲੋਂ ਇੱਕ ਵਿਆਹ ਦਾ ਕਾਰਡ ਤਿਆਰ ਕਰਵਾਇਆ ਗਿਆ ਹੈ। ਇਸ ਕਾਰਡ ਦੇ ਵਿੱਚ ਲਾੜੇ ਦਾ ਨਾਂ 'ਪੰਜਾਬ ਸਿੰਘ' ਅਤੇ ਲਾੜੀ ਦਾ ਨਾਂ 'ਦਿੱਲੀ ਮਰਜਾਣੀ' ਰੱਖਿਆ ਗਿਆ ਹੈ। ਕਾਰਡ ਵਿੱਚ ਇਹ ਕਿਹਾ ਗਿਆ ਹੈ ਕਿ ਜੇ ਕਿਸੇ ਵੀ ਕਿਸਾਨ ਭਰਾ ਨੇ ਜੰਝ ਵਿੱਚ ਸ਼ਾਮਲ ਹੋਣਾ ਹੈ ਤਾਂ ਆਪਣੇ ਟਰਾਲੀ, ਟਰੈਕਟਰ ਨਾਲ ਸ਼ਾਮਲ ਹੋ ਸਕਦਾ ਹੈ। ਇਸ ਵਿੱਚ ਹਰ ਕਿਸੇ ਨੂੰ ਆਉਣ ਦਾ ਖੁਲ੍ਹਾਂ ਸੱਦਾ ਦਿੱਤਾ ਗਿਆ ਹੈ। ਜੰਝ ਚੱਲਣ ਦਾ ਸਮਾਂ 26 ਜਨਵਰੀ ਦਿਨ ਮੰਗਲਵਾਰ ਸਵੇਰੇ 10 ਵਜੇ ਹੋਵੇਗਾ। ਜੰਝ ਵਿੱਚ ਸ਼ਾਮਲ ਲੋਕਾਂ ਦੇ ਲਈ ਰੋਟੀ-ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ।