ਸੋਨੀਪਤ: ਹਰਿਆਣਾ ਅਤੇ ਪੰਜਾਬ ਵਿਚੋਂ ਆਏ ਕਿਸਾਨਾਂ ਨੇ ਸਿੰਘੂ ਸਰਹੱਦ 'ਤੇ ਡੇਰਾ ਲਾ ਲਿਆ ਹੈ। ਕਿਸਾਨਾਂ ਨੇ ਇਥੇ ਲੰਗਰ ਦੀ ਵਿਵਸਥਾ ਵੀ ਕਰ ਲਈ ਹੈ। ਕਿਸਾਨਾਂ ਦੀ ਭੀੜ ਨੂੰ ਵੇਖਦੇ ਹੋਏ ਸਿੰਘੂ ਸਰਹੱਦ 'ਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ। ਉਥੇ ਹੁਣ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਦੇ ਨਿਰੰਕਾਰੀ ਮੈਦਾਨ ਵਿੱਚ ਪ੍ਰਦਰਸ਼ਨ ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਪਰੰਤੂ ਕਿਸਾਨ ਸਿੰਘੂ ਸਰਹੱਦ ਤੋਂ ਸਿੱਧਾ ਦਿੱਲੀ ਜਾਣਾ ਚਾਹੁੰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਮੈਦਾਨ ਵਿੱਚ ਬੈਠ ਕੇ ਪ੍ਰਦਰਸ਼ਨ ਨਹੀਂ ਕਰਨਗੇ।
ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਜਾਣਗੇ, ਭਾਵੇਂ ਉਸ ਲਈ ਉਨ੍ਹਾਂ ਨੂੰ ਕੁੱਝ ਵੀ ਕਰਨਾ ਪਵੇ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਗੇ।
ਨੌਜਵਾਨ ਕਿਸਾਨਾਂ ਨੇ ਦੱਸਿਆ ਕਿ ਨਵੇਂ ਕਾਨੂੰਨ ਤਹਿਤ ਸਰਕਾਰ ਮੰਡੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ। ਜੇਕਰ ਮੰਡੀ ਬੰਦ ਹੋ ਜਾਂਦੀ ਹੈ ਤਾਂ ਆੜ੍ਹਤੀ ਵੀ ਖ਼ਤਮ ਹੋ ਜਾਣਗੇ। ਆੜ੍ਹਤੀਆਂ ਦੇ ਨਾਲ ਕਿਸਾਨਾਂ ਦਾ ਬਹੁਤ ਪੁਰਾਣਾ ਭਾਈਚਾਰਾ ਹੈ, ਜੇਕਰ ਉਨ੍ਹਾਂ ਨੂੰ ਰਾਤ ਸਮੇਂ ਵੀ ਕਦੇ ਕਰਜ਼ਾ ਚਾਹੀਦਾ ਹੁੰਦਾ ਹੈ ਤਾਂ ਆੜ੍ਹਤੀ ਉਨ੍ਹਾਂ ਦੀ ਮਦਦ ਲਈ ਖੜੇ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚੋਂ ਦਿੱਲੀ ਕੂਚ ਕਰ ਰਹੇ ਕਿਸਾਨਾਂ ਦੇ ਕਾਫ਼ਲੇ ਨੂੰ ਦਿੱਲੀ ਵਿੱਚ ਪ੍ਰਦਰਸ਼ਨ ਦੀ ਮਨਜੂਰੀ ਦੇ ਦਿੱਤੀ ਗਈ ਹੈ। ਕਿਸਾਨਾਂ ਨੂੰ ਦਿੱਲੀ ਦੇ ਬੁਰਾੜੀ ਸਥਿਤ ਨਿਰੰਕਾਰੀ ਮੈਦਾਨ ਵਿੱਚ ਪ੍ਰਦਰਸ਼ਨ ਕਰਨ ਦੀ ਮਨਜੂਰੀ ਦਿੱਤੀ ਗਈ ਹੈ। ਹਾਲਾਂਕਿ, ਕਿਸਾਨ ਇਸ ਦੌਰਾਨ ਦਿੱਲੀ ਦੇ ਕਿਸੇ ਹੋਰ ਇਲਾਕੇ ਵਿੱਚ ਨਹੀਂ ਜਾ ਸਕਣਗੇ। ਨਾਲ ਹੀ ਇਸ ਦੌਰਾਨ ਪੁਲਿਸ ਕਿਸਾਨਾਂ ਦੇ ਨਾਲ ਹੀ ਰਹੇਗੀ।