ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਕਰਮਚਾਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਈਪੀਐਫਓ ਦੇ ਸੈਂਟਰਲ ਬੋਰਡ ਆਫ਼ ਟਰੱਸਟੀਜ਼ ਦੀ ਮੀਟਿੰਗ ਵਿੱਚ ਈਪੀਐਫਓ ਨੇ ਜਮ੍ਹਾਂ ਰਾਸ਼ੀ 'ਤੇ ਵਿਆਜ ਦਰਾਂ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ।
ਹੁਣ ਕਰਮਚਾਰੀਆਂ ਨੂੰ ਵਿੱਤੀ ਸਾਲ 2022 ਦੌਰਾਨ ਈਪੀਐਫਓ (EPFO) 'ਚ ਜਮ੍ਹਾ ਰਾਸ਼ੀ 'ਤੇ 8.5 ਦੀ ਥਾਂ 8.1 ਫੀਸਦੀ ਵਿਆਜ ਮਿਲੇਗਾ। ਪ੍ਰਾਵੀਡੈਂਟ ਫੰਡ ਵਿੱਚ ਇਹ ਵਿਆਜ ਦਰ ਪਿਛਲੇ 40 ਸਾਲਾਂ ਵਿੱਚ ਸਭ ਤੋਂ ਘੱਟ ਹੈ। 1977-78 ਵਿੱਚ ਵਿਆਜ ਦਰ 8 ਫੀਸਦੀ ਸੀ, ਇਸ ਤੋਂ ਬਾਅਦ 2015-16 ਤੱਕ ਇਹ 8.6 ਫੀਸਦੀ ਰਹੀ।
ਕਾਬਿਲੇਗੌਰ ਹੈ ਕਿ ਗੁਹਾਟੀ 'ਚ ਸੈਂਟਰਲ ਬੋਰਡ ਆਫ਼ ਟਰੱਸਟੀਜ਼ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਮੌਜੂਦਾ ਵਿੱਤੀ ਸਾਲ ਲਈ ਪ੍ਰੋਵੀਡੈਂਟ ਫੰਡ (ਪੀ. ਐੱਫ.) ਦੇ ਵਿਆਜ 'ਤੇ ਵੱਡੇ ਫੈਸਲੇ ਲਏ ਜਾ ਸਕਦੇ ਹਨ।
ਬੋਰਡ ਨੇ ਪੀਐਫ 'ਤੇ ਵਿਆਜ ਦਰ ਘਟਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ 6 ਕਰੋੜ ਲੋਕ ਪ੍ਰਭਾਵਿਤ ਹੋਣਗੇ। ਦੱਸ ਦਈਏ ਕਿ ਈਪੀਐਫ ਯੋਜਨਾ ਵਿੱਚ, ਕਰਮਚਾਰੀ ਅਤੇ ਉਸਦੇ ਮਾਲਕ ਹਰ ਮਹੀਨੇ ਬਰਾਬਰ ਰਕਮ ਦਾ ਯੋਗਦਾਨ ਦਿੰਦੇ ਹਨ, ਜੋ ਕਿ ਮੂਲ ਤਨਖਾਹ ਅਤੇ ਮਹਿੰਗਾਈ ਭੱਤੇ ਦਾ 12 ਫੀਸਦ ਹੈ। ਕੰਪਨੀ ਦਾ 8.33% ਯੋਗਦਾਨ ਕਰਮਚਾਰੀ ਪੈਨਸ਼ਨ ਸਕੀਮ (ਈਪੀਐਸ) ਵੱਲ ਜਾਂਦਾ ਹੈ।