ਰਾਂਚੀ: ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਸਬੰਧਤ ਆਫਿਸ ਆਫ ਪ੍ਰੋਫਿਟ ਮਾਮਲੇ ਵਿੱਚ ਚੋਣ ਕਮਿਸ਼ਨ ਦਾ ਪੱਤਰ ਰਾਜ ਭਵਨ ਪਹੁੰਚ ਗਿਆ ਹੈ। ਰਾਜਪਾਲ ਰਮੇਸ਼ ਬੈਸ ਅੱਜ ਬਾਅਦ ਦੁਪਹਿਰ ਦਿੱਲੀ ਤੋਂ ਰਾਂਚੀ ਪਹੁੰਚਣ ਵਾਲੇ ਹਨ। ਮੰਨਿਆ ਜਾ ਰਿਹਾ ਹੈ ਕਿ (Election Commission of India) ਰਾਂਚੀ ਪਹੁੰਚ ਕੇ ਉਹ ਕਿਸੇ ਵੀ ਸਮੇਂ ਸੂਬੇ ਦੇ ਲੋਕਾਂ ਨੂੰ ਚੋਣ ਕਮਿਸ਼ਨ ਦੀ ਸਿਫ਼ਾਰਸ਼ ਤੋਂ ਜਾਣੂ ਕਰਵਾ ਸਕਦੇ ਹਨ।
ਰਾਜਪਾਲ ਦੇ ਦੁਪਹਿਰ ਬਾਅਦ ਰਾਂਚੀ ਪਹੁੰਚਣ 'ਤੇ ਸਾਰਾ ਖੁਲਾਸਾ ਹੋ ਜਾਵੇਗਾ। ਈਟੀਵੀ ਭਾਰਤ ਨੂੰ ਮਿਲੀ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਨੇ ਹੇਮੰਤ ਸੋਰੇਨ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਅੱਜ ਸਵੇਰੇ ਬੀਜੇਪੀ ਸਾਂਸਦ ਨਿਸ਼ੀਕਾਂਤ ਦੂਬੇ ਦੇ ਟਵੀਟ ਨੇ ਝਾਰਖੰਡ ਦੀ ਰਾਜਨੀਤੀ ਵਿੱਚ ਖਲਬਲੀ ਮਚਾ ਦਿੱਤੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਚੋਣ ਕਮਿਸ਼ਨ ਦਾ ਪੱਤਰ ਰਾਜਪਾਲ ਕੋਲ ਪਹੁੰਚ ਗਿਆ ਹੈ। ਉਨ੍ਹਾਂ ਲਿਖਿਆ ਹੈ ਕਿ ਅਗਸਤ ਨਹੀਂ ਲੰਘੇਗਾ।
ਦੱਸ ਦੇਈਏ ਕਿ 18 ਅਗਸਤ ਨੂੰ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਸਬੰਧਤ ਮਾਈਨਿੰਗ ਲੀਜ਼ ਮਾਮਲੇ ਵਿੱਚ ਚੋਣ ਕਮਿਸ਼ਨ ਵਿੱਚ ਬਹਿਸ ਪੂਰੀ ਹੋ ਗਈ ਸੀ। ਇਹ ਮਾਮਲਾ ਸਾਬਕਾ ਮੁੱਖ ਮੰਤਰੀ ਰਘੁਵਰ ਦਾਸ ਨੇ 10 ਫਰਵਰੀ ਨੂੰ ਉਠਾਇਆ ਸੀ। 11 ਫਰਵਰੀ ਨੂੰ ਉਨ੍ਹਾਂ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਹੇਮੰਤ ਸੋਰੇਨ ਨੂੰ ਵਿਧਾਇਕ ਦੇ ਅਹੁਦੇ ਤੋਂ ਅਯੋਗ ਠਹਿਰਾਉਣ ਦੀ ਮੰਗ ਕੀਤੀ ਸੀ। ਬਾਅਦ ਵਿੱਚ ਰਾਜ ਭਵਨ ਵੱਲੋਂ ਇਹ ਮਾਮਲਾ ਚੋਣ ਕਮਿਸ਼ਨ ਕੋਲ ਭੇਜ ਦਿੱਤਾ ਗਿਆ। ਇਸੇ ਆਧਾਰ 'ਤੇ ਚੋਣ ਕਮਿਸ਼ਨ ਨੇ ਪਹਿਲਾਂ ਮੁੱਖ ਸਕੱਤਰ ਤੋਂ ਪ੍ਰਮਾਣਿਤ ਦਸਤਾਵੇਜ਼ਾਂ ਦੀ ਮੰਗ ਕੀਤੀ ਸੀ। ਇਸ ਮਗਰੋਂ ਕਮਿਸ਼ਨ ਵਿੱਚ ਦੋਵਾਂ ਧਿਰਾਂ ਵੱਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ।
ਇਹ ਵੀ ਪੜ੍ਹੋ: ਆਰਜੇਡੀ ਆਗੂਆਂ ਦੇ ਠਿਕਾਣਿਆਂ ਉੱਤੇ ਛਾਪਾ, 20 ਕਿਲੋ ਤੋਂ ਵੱਧ ਸੋਨਾ ਤੇ ਜ਼ਾਇਦਾਦ ਦੇ ਕਾਗਜ਼ ਬਰਾਮਦ