ਹੈਦਰਾਬਾਦ: ਭਾਰਤੀ ਚੋਣ ਕਮਿਸ਼ਨ ਅੱਜ 5 ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ। ਇਸ ਐਲਾਨ ਦੇ ਨਾਲ ਹੀ ਇਨ੍ਹਾਂ ਪੰਜ ਰਾਜਾਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਉੱਤਰ ਪ੍ਰਦੇਸ਼ ਤੋਂ ਇਲਾਵਾ ਪੰਜਾਬ, ਉਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਅੱਜ ਬਾਅਦ ਦੁਪਹਿਰ 3:30 ਵਜੇ ਤਰੀਕਾਂ ਦਾ ਐਲਾਨ ਕਰੇਗਾ।
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ 2022 (Uttar Pradesh Assembly Election 2022)
ਦੇਸ਼ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਵਿੱਚ 403 ਵਿਧਾਨ ਸਭਾ ਸੀਟਾਂ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਸਭ ਤੋਂ ਵੱਧ 312 ਸੀਟਾਂ ਜਿੱਤ ਕੇ ਸੱਤਾ ਵਿੱਚ ਆਈ ਸੀ। ਜਦੋਂ ਕਿ 2012 ਵਿਚ ਸਰਕਾਰ ਬਣਾਉਣ ਵਾਲੀ ਸਮਾਜਵਾਦੀ ਪਾਰਟੀ ਸਿਰਫ਼ 47 ਸੀਟਾਂ 'ਤੇ ਹੀ ਸਿਮਟ ਗਈ। ਜਦੋਂਕਿ ਬਸਪਾ ਸਿਰਫ਼ 19 ਸੀਟਾਂ ਹੀ ਜਿੱਤ ਸਕੀ।
ਪੰਜਾਬ ਵਿਧਾਨ ਸਭਾ ਚੋਣ 2022 (Punjab Assembly Election 2022)
ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਨੇ 77 ਸੀਟਾਂ ਜਿੱਤ ਕੇ 10 ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਕੀਤੀ ਸੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ 20 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਪਾਰਟੀ ਬਣ ਗਈ ਅਤੇ 10 ਸਾਲਾਂ ਤੋਂ ਸੱਤਾ 'ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਸਿਰਫ਼ 18 ਸੀਟਾਂ 'ਤੇ ਹੀ ਸਿਮਟ ਗਿਆ।
ਉੱਤਰਾਖੰਡ ਵਿਧਾਨ ਸਭਾ ਚੋਣ 2022 (Uttarakhand Assembly Election 2022)
ਉੱਤਰਾਖੰਡ ਵਿੱਚ ਵਿਧਾਨ ਸਭਾ ਦੀਆਂ 70 ਸੀਟਾਂ ਹਨ। ਸਾਲ 2017 ਵਿੱਚ ਹੋਈਆਂ ਚੋਣਾਂ ਵਿੱਚ ਭਾਜਪਾ ਨੇ ਸਭ ਤੋਂ ਵੱਧ 57 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਜਦਕਿ ਕਾਂਗਰਸ ਸਿਰਫ਼ 11 ਸੀਟਾਂ ਹੀ ਜਿੱਤਣ ਵਿਚ ਕਾਮਯਾਬ ਰਹੀ।
ਗੋਆ ਵਿਧਾਨ ਸਭਾ ਚੋਣ 2022 (Goa Assembly Election 2022)
2017 ਵਿੱਚ ਕਾਂਗਰਸ 17 ਸੀਟਾਂ ਜਿੱਤ ਕੇ 40 ਵਿਧਾਨ ਸਭਾ ਸੀਟਾਂ ਦੇ ਨਾਲ ਗੋਆ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਗਈ। ਪਰ ਕਾਂਗਰਸ ਆਪਣੇ ਵਿਧਾਇਕਾਂ ਨੂੰ ਇਕਜੁੱਟ ਨਹੀਂ ਰੱਖ ਸਕੀ। ਨਤੀਜੇ ਵਜੋਂ ਗੋਆ ਵਿੱਚ ਭਾਜਪਾ ਦੀ ਸਰਕਾਰ ਬਣੀ। ਸਾਲ 2017 'ਚ ਭਾਜਪਾ ਸਿਰਫ 13 ਸੀਟਾਂ 'ਤੇ ਹੀ ਜਿੱਤ ਸਕੀ ਸੀ।
ਮਨੀਪੁਰ ਵਿਧਾਨ ਸਭਾ ਚੋਣ 2022 (Manipur Assembly Election 2022)
ਮਨੀਪੁਰ ਵਿੱਚ 60 ਵਿਧਾਨ ਸਭਾ ਸੀਟਾਂ ਹਨ। 2017 ਵਿੱਚ ਕਾਂਗਰਸ ਨੇ 28 ਅਤੇ ਭਾਜਪਾ ਨੇ 21 ਸੀਟਾਂ ਜਿੱਤੀਆਂ ਸਨ। ਕੋਈ ਵੀ ਪਾਰਟੀ ਆਪਣੇ ਦਮ 'ਤੇ ਸਰਕਾਰ ਬਣਾਉਣ ਲਈ ਲੋੜੀਂਦੀਆਂ 31 ਸੀਟਾਂ ਦੇ ਜਾਦੂਈ ਅੰਕੜੇ ਨੂੰ ਨਹੀਂ ਛੂਹ ਸਕੀ। ਪਰ ਭਾਜਪਾ ਮਨੀਪੁਰ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ।