ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਰਹੱਦ 'ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਧਰਨਾ ਪ੍ਰਦਰਸ਼ਨ ਕਾਰਨ ਫਲਾਂ ਤੇ ਸਬਜ਼ੀਆਂ ਦੀ ਸਪਲਾਈ ਠੱਪ ਹੋ ਗਈ ਹੈ। ਐਤਵਾਰ ਨੂੰ ਸਬਜ਼ੀਆਂ ਤੇ ਫਲਾਂ ਦੀਆਂ ਕੀਮਤਾਂ ਤੇ ਖ਼ਾਸਕਰ ਆਲੂ ਅਤੇ ਸੇਬ ਦੀਆਂ ਕੀਮਤਾਂ ਵੱਧ ਗਈਆਂ ਹਨ।
ਵਪਾਰੀਆਂ ਦਾ ਕਹਿਣਾ ਹੈ ਕਿ ਮੰਡੀਆਂ 'ਚ ਸਬਜੀਆਂ ਤੇ ਫਲਾਂ ਦੀ ਆਮਦ 'ਚ ਗਿਰਾਵਟ ਕਾਰਨ ਉਨ੍ਹਾਂ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ।
ਵਪਾਰੀਆਂ ਨੇ ਦੱਸਿਆ ਕਿ ਦਿੱਲੀ 'ਚ ਇਸ ਸਮੇਂ ਹਿਮਾਚਲ ਪ੍ਰਦੇਸ਼ ਤੇ ਪੰਜਾਬ ਤੋਂ ਨਵੇਂ ਆਲੂ ਦੀ ਆਮਦ ਹੁੰਦੀ ਹੈ। ਜਦੋਂ ਕਿ ਸੇਬ ਜੰਮੂ ਕਸ਼ਮੀਰ ਤੇ ਹਿਮਾਚਲ ਤੋਂ ਆਉਂਦਾ ਹੈ, ਪਰ ਕਿਸਾਨ ਅੰਦੋਲਨ ਦੇ ਚਲਦੇ ਮੁਖ ਮਾਰਗਾਂ 'ਤੇ ਧਰਨੇ ਹੋ ਰਹੇ ਹਨ। ਜਿਸ ਨਾਲ ਟਰੱਕਾਂ ਦੀ ਆਵਾਜਾਈ ਠੱਪ ਹੋ ਗਈ ਹੈ।
ਦੋ ਦਿਨਾਂ ਦੌਰਾਨ ਸੇਬ ਦੇ ਰੇट 'ਚ 40 ਰੁਪਏ ਪ੍ਰਤੀ ਕਿੱਲੋ ਵਾਧਾ
ਦਿੱਲੀ ਵਿੱਚ ਸੇਬ ਦਾ ਹੋਲਸੇਲ ਰੇਟ ਐਤਵਾਰ ਨੂੰ 120 ਰੁਪਏ ਕਿੱਲੋ ਚੱਲ ਰਿਹਾ ਸੀ। ਜਦੋਂ ਕਿ ਦੋ ਦਿਨ ਪਹਿਲਾਂ ਸੇਬ ਦਾ ਰੇਟ 80 ਰੁਪਏ ਤੋਂ 100 ਰੁਪਏ ਤੱਕ ਸਾ। ਇਸੇ ਤਰ੍ਹਾਂ ਜਿਥੇ ਆਲੂ ਦਾ ਰੇਟ 40 ਰੁਪਏ ਪ੍ਰਤੀ ਕਿੱਲੋ ਚੱਲ ਰਿਹਾ ਸੀ, ਉਹ ਹੁਣ 50 ਰੁਪਏ ਕਿੱਲੋ ਵਿੱਕ ਰਿਹਾ ਹੈ। ਇਸੇ ਤਰ੍ਹਾਂ ਹੋਰਨਾਂ ਸਬਜ਼ੀਆਂ ਦੇ ਰੇਟ 'ਚ ਵੀ ਵਾਧਾ ਹੋਇਆ ਹੈ।
ਕਿਸਾਨ ਅੰਦੋਲਨ ਤੋਂ ਪ੍ਰਭਾਵਤ ਹੋਈ ਆਮਦ
ਗ੍ਰੇਟਰ ਨੋਇਡਾ ਦੇ ਰਿਟੇਲਰ ਪੱਪੂ ਕੁਮਾਰ ਨੇ ਦੱਸਿਆ ਕਿ ਕਿਸਾਨ ਅੰਦੋਲਨ ਕਾਰਨ ਪਿਛਲੇ ਦੋ ਦਿਨਾਂ ਤੋਂ ਫਲਾਂ ਅਤੇ ਸਬਜ਼ੀਆਂ ਦੀ ਆਮਦ ਘੱਟ ਗਈ ਹੈ। ਇਸ ਲਈ ਕੀਮਤਾਂ ਵਿੱਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦਾ ਅੰਦੋਲਨ ਹੋਰ ਜਾਰੀ ਰਿਹਾ ਤਾਂ ਆਲੂ ਅਤੇ ਸੇਬ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ।
ਐਤਵਾਰ ਨੂੰ ਦਿੱਲੀ ਦੀ ਆਜ਼ਾਦਪੁਰ ਮੰਡੀ ਬੰਦ ਰਹਿੰਦੀ ਹੈ, ਪਰ ਸ਼ਨੀਵਾਰ ਮੰਡੀ ਵਿੱਚ ਆਲੂ ਦੀ ਆਮਦ ਮਹਿਜ਼ 783.5 ਟਨ ਸੀ, ਜਦੋਂ ਕਿ ਕਿਸਾਨਾਂ ਨੇ ਪ੍ਰਦਰਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੰਗਲਵਾਰ ਨੂੰ 1,700 ਟਨ ਤੋਂ ਵੱਧ ਆਲੂ ਦੀ ਆਮਦ ਦਰਜ ਕੀਤੀ ਗਈ ਸੀ। ਕੋਰਾਬਾਰੀਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਕਾਰਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਫਲਾਂ ਅਤੇ ਸਬਜ਼ੀਆਂ ਦੀ ਆਮਦ ਪ੍ਰਭਾਵਤ ਹੋਈ ਹੈ।
ਆਜ਼ਾਦਪੁਰ ਮੰਡੀ ਦੇ ਕਾਰੋਬਾਰੀ ਅਤੇ ਆਲੂ ਅਤੇ ਪਿਆਜ਼ ਵਪਾਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੇਂਦਰ ਸ਼ਰਮਾ ਨੇ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ਵਿੱਚ ਰੁਕਾਵਟ ਨਾ ਪਾਉਣ। ਉਨ੍ਹਾਂ ਕਿਹਾ, "ਕਿਸੇ ਵੀ ਪ੍ਰਦਰਸ਼ਨ ਦੌਰਾਨ ਦੁੱਧ, ਫਲਾਂ, ਸਬਜ਼ੀਆਂ ਵਰਗੀਆਂ ਰੋਜ਼ਮਰਾਂ ਦੀਆਂ ਜਰੂਰਤਾਂ ਦੀ ਸਪਲਾਈ ਬੰਦ ਨਹੀਂ ਕੀਤੀ ਜਾਂਦੀ, ਪਰ ਇਥੇ ਉਨ੍ਹਾਂ ਦੀ ਸਪਲਾਈ ਬੰਦ ਕੀਤੀ ਜਾ ਰਹੀ ਹੈ।"