ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਅੱਜ 29 ਅਪ੍ਰੈਲ ਨੂੰ ਉਨ੍ਹਾਂ ਨੂੰ ਏਮਜ਼ ਦੇ ਟਰੋਮਾ ਸੈਂਟਰ ਤੋਂ ਛੁੱਟੀ ਮਿਲ ਗਈ ਹੈ। ਮਨਮੋਹਨ ਸਿੰਘ ਨੂੰ 19 ਅਪ੍ਰੈਲ ਨੂੰ ਕੋਰੋਨਾ ਪੌਜ਼ੇਟਿਵ ਹੋਣ ਤੋਂ ਬਾਅਦ ਏਮਜ਼ ਦੇ ਟਰੋਮਾ ਸੈਂਟਰ 'ਚ ਭਰਤੀ ਕੀਤਾ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੂੰ ਕੋਰੋਨਾ ਦੇ ਟੀਕੇ ਕੋਵੈਕਸੀਨ ਦੇ ਦੋ ਡੋਜ਼ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਦੀ ਉਮਰ 88 ਸਾਲ ਹੈ ਤੇ ਉਨ੍ਹਾਂ ਨੂੰ ਸ਼ੂਗਰ ਵੀ ਹੈ।
ਡਾ.ਮਨਮੋਹਨ ਸਿੰਘ ਦੀ ਦੋ ਵਾਰ ਬਾਇਪਾਸ ਸਰਜਰੀ ਹੋ ਚੁੱਕੀ ਹੈ। 1990 ਚ ਉਨ੍ਹਾ ਦੀ ਪਹਿਲੀ ਸਰਜਰੀ ਯੂਕੇ 'ਚ ਹੋਈ ਸੀ ਤੇ 2004 'ਚ ਉਨ੍ਹਾਂ ਦੀ ਐਸਕੌਰਟ ਹਸਪਤਾਲ 'ਚ ਏਜੀਓਪਲਾਸਟੀ ਕੀਤੀ ਗਈ ਸੀ। 2009 'ਚ ਏਮਜ਼ 'ਚ ਉਨ੍ਹਾਂ ਦੀ ਦੂਜੀ ਬਾਇਪਾਸ ਸਰਜਰੀ ਹੋਈ ਸੀ। ਬੁਖਾਰ ਦੇ ਚੱਲਦਿਆਂ ਪਿਛਲੇ ਸਾਲ ਮਈ ਦੇ ਮਹੀਨੇ 'ਚ ਵੀ ਮਨਮੋਹਨ ਸਿੰਘ ਨੂੰ ਹਸਪਤਾਲ 'ਚ ਭਰਤੀ ਹੋਣਾ ਪਿਆ ਸੀ। ਉਦੋਂ ਵੀ ਕੋਰੋਨਾ ਦਾ ਪ੍ਰਕੋਪ ਸਿਖਰ 'ਤੇ ਸੀ।